ਸਰਬਜੀਤ ਸਿੰਘ ਭੰਗੂ
ਪਟਿਆਲਾ,1 ਜੂਨ
ਇਥੇ ਪੰਜਾਬੀ ਯੂਨੀਵਰਸਿਟੀ ਦੀ ਵਿੱਤੀ ਹਾਲਤ ਇਸ ਕਦਰ ਨਿਘਰਦੀ ਜਾ ਰਹੀ ਹੈ ਕਿ ਇਹ ਸੰਸਥਾ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਵੀ ਅਸਮਰਥ ਹੋ ਗਈ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਰੋਹ ਲਗਾਤਾਰ ਵਧ ਰਿਹਾ ਹੈ। ਇਸੇ ਕੜੀ ਵਜੋਂ ਅੱਜ ਯੂਨੀਵਰਸਿਟੀ ਦੇ ਮੁਲਾਜ਼ਮਾਂ, ਅਫ਼ਸਰਾਂ ਅਤੇ ਅਧਿਆਪਕਾਂ ਦੇ ਸਾਂਝੇ ਮੰਚ ਦੀ ਅਗਵਾਈ ਹੇਠ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਦਿੱਤਾ। ਗੇਟ ਬੰਦ ਕਰਨ ਦੀ ਇਹ ਕਾਰਵਾਈ ਸਵੱਖਤੇ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਕਾਰਨ ਸਮੁੱਚਾ ਅਮਲਾ ਫੈਲਾ ਬਾਹਰ ਹੀ ਰਹਿ ਗਿਆ। ਇਕ ਘੰਟਾ ਚੱਲੇ ਇਸ ਧਰਨੇ ਨੂੰ ਡਾ. ਬਲਵਿੰਦਰ ਸਿੰਘ ਟਿਵਾਣਾ, ਪੂਟਾ ਦੇ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਵਿਰਕ, ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਜੱਗੀ ਅਤੇ ਨਾਨ ਟੀਚਿੰਗ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਬਰਾੜ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮਗਰੋਂ ਮੁਲਾਜ਼ਮਾਂ ਅਫ਼ਸਰਾਂ ਅਤੇ ਟੀਚਰਾਂ ਦਾ ਇਹ ਕਾਫਲਾ ਵੀਸੀ ਦਫ਼ਤਰ ਵੱਲ ਨੂੰ ਰਵਾਨਾ ਹੋਇਆ, ਜਿਸ ਨੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਰੋਸ ਮਾਰਚ ਕੀਤਾ। ਬੁਲਾਰਿਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਮਾਰਚ ਤੇ ਅਪਰੈਲ ਅਤੇ ਹੁਣ ਅਪਰੈਲ ਤੇ ਮਈ ਦੀ ਤਨਖਾਹ ਨਹੀਂ ਮਿਲੀ। ਸਰਕਾਰ ਯੂਨੀਵਰਸਿਟੀ ਨੂੰ ਮਿਲਦੀ ਮਹੀਨਾਵਾਰ ਗ੍ਰਾਂਟ ਦਸ ਕਰੋੜ ਤੋਂ ਵਧਾ ਕੇ ਤੀਹ ਕਰੋੜ ਰੁਪਏ ਕਰੇ। ਇਸ ਦੇ ਨਾਲ ਹੀ
ਉਨ੍ਹਾਂ ਨੇ ਇਹ ਮੰਗ ਵੀ ਕੀਤੀ ਕਿ ਯੂਨੀਵਰਸਿਟੀ ਦੇ ਸਿਰ ਚੜ੍ਹੇ ਕਰਜ਼ੇ ਵਿੱਚੋਂ ਸਰਕਾਰ ਵੱਲੋਂ ਐਲਾਨਿਆ ਡੇਢ ਸੌ ਕਰੋੜ ਰੁਪਏ ਦਾ ਪੈਕੇਜ ਫੌਰੀ ਤੌਰ ‘ਤੇ ਜਾਰੀ ਕੀਤਾ ਜਾਵੇ।