ਐੱਨ ਪੀ ਧਵਨ
ਪਠਾਨਕੋਟ, 16 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਅੱਜ ਦੌਰੇ ਕਾਰਨ ਪਠਾਨਕੋਟ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ। ਪਠਾਨਕੋਟ ਏਅਰਫੋਰਸ ਸਟੇਸ਼ਨ ਤੇ ਮੁੱਖ ਹਾਈਵੇਅ ਤੋਂ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀ ਸੜਕ ਉਪਰ ਚੱਪੇ-ਚੱਪੇ ’ਤੇ ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਅੱਜ ਸਵੇਰ ਤੋਂ ਹੀ ਪਠਾਨਕੋਟ ਸ਼ਹਿਰ ਦੇ ਕਈ ਰਸਤੇ ਬੰਦ ਕਰ ਦਿੱਤੇ ਗਏ, ਜਿਸ ਨਾਲ ਹਾਈਵੇਅ ’ਤੇ ਜਾਮ ਲੱਗਿਆ ਰਿਹਾ ਅਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਠਾਨਕੋਟ ਏਅਰਪੋਰਟ ’ਤੇ ਪੁੱਜਣ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਭਾਜਪਾ ਆਗੂਆਂ ਨੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦੇ ਪੁੱਜਣ ਤੋਂ ਕਈ ਘੰਟੇ ਪਹਿਲਾਂ ਹੀ ਏਅਰਬੇਸ ਸਟੇਸ਼ਨ ਨੂੰ ਹਿਮਾਚਲ ਨਾਲ ਲਿੰਕ ਕਰਦੀ 14 ਕਿਲੋਮੀਟਰ ਲੰਬੀ ਚੱਕੀ ਤੋਂ ਹਰਿਆਲ ਜਾਂਦੀ ਸੜਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਜਿਸ ਕਾਰਨ ਦੂਸਰੇ ਰਾਜਾਂ ਤੋਂ ਆਉਣ ਵਾਲੇ ਲੋਕ ਆਪਣੀ ਮੰਜ਼ਿਲ ਤੱਕ ਨਾ ਪਹੁੰਚ ਸਕੇ ਅਤੇ ਨਾ ਹੀ ਵਾਪਸ ਜਾ ਸਕੇ। ਗਰਮੀ ਕਾਰਨ ਬੱਚੇ ਤੇ ਔਰਤਾਂ ਪ੍ਰੇਸ਼ਾਨ ਨਜ਼ਰ ਆਏ। ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਕੋਲ ਪੈਂਦੇ ਢਾਕੀ ਵਾਲੇ ਫਾਟਕ ਤੋਂ ਵੀ ਵਾਹਨਾਂ ਨੂੰ ਲੰਘਣ ਨਾ ਦਿੱਤਾ ਗਿਆ ਤੇ ਇਹ ਰਸਤਾ ਵੀ ਬੰਦ ਕਰ ਦਿੱਤਾ ਗਿਆ ਜਿਸ ਕਰਕੇ ਰੇਲਵੇ ਸਟੇਸ਼ਨ ’ਤੇ ਆਟੋ ਰਿਕਸ਼ਿਆਂ ਵਿੱਚ ਪੁੱਜਣ ਵਾਲੀਆਂ ਸਵਾਰੀਆਂ ਨੂੰ ਰਸਤੇ ਵਿੱਚ ਹੀ ਉਤਰਨਾ ਪਿਆ। ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵਿਸ਼ੇਸ਼ ਡਿਊਟੀ ਲਾਈ ਗਈ ਜਿਸ ਕਾਰਨ ਹਸਪਤਾਲ ਵਿੱਚ ਮਰੀਜ਼ ਪ੍ਰੇਸ਼ਾਨ ਹੋਏ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤਨਾਮ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਫੇਰੀ ਕਰਕੇ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਸੀ ਜਿਸ ਕਾਰਨ ਸਟਾਫ ਦੀ ਘਾਟ ਬਣੀ।
ਰਾਜਪਾਲ ਵੱਲੋਂ ਰਣਜੀਤ ਸਾਗਰ ਡੈਮ ਦਾ ਦੌਰਾ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਰਣਜੀਤ ਸਾਗਰ ਡੈਮ ਦਾ ਦੌਰਾ ਕੀਤਾ ਅਤੇ ਡੈਮ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ। ਰਾਜਪਾਲ ਨੇ ਡੈਮ ਦੇ ਨਿਰਮਾਣ ਸਮੇਂ ਸ਼ਹੀਦ ਹੋਏ ਮੁਲਾਜ਼ਮਾਂ ਦੇ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀ ਦਿੱਤੀ। ਡੈਮ ਦੇ ਜਨਰਲ ਮੈਨੇਜਰ ਐਸ ਕੇ ਸਲੂਜਾ ਨੇ ਰਾਜਪਾਲ ਨੂੰ ਦੱਸਿਆ ਕਿ ਇਹ ਡੈਮ ਸਿੰਚਾਈ ਦੇ ਨਾਲ-ਨਾਲ ਬਿਜਲੀ ਉਤਪਾਦਨ ਦਾ ਕੰਮ ਵੀ ਕਰ ਰਿਹਾ ਹੈ। ਰਾਜਪਾਲ ਨੇ ਇਸ ਖੇਤਰ ਨੂੰ ਸੈਰ-ਸਪਾਟੇ ਲਈ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।