ਰਾਕੇਸ਼ ਸੈਣੀ
ਨੰਗਲ, 7 ਮਈ
ਇੱਥੇ ਅੱਜ ਨਗਰ ਕੌਂਸਲ ਨੰਗਲ ਦੀ ਪਹਿਲੀ ਬੈਠਕ ਕੌਂਸਲ ਪ੍ਰਧਾਨ ਸੰਜੈ ਸਾਹਨੀ ਦੀ ਅਗਵਾਈ ਹੇਠ ਸਮਾਪਤ ਹੋਈ। ਇਸ ਵਿਚ ਕੌਂਸਲ ਦੇ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ। ਇਸ ਮੌਕੇ ਸਿਵਲ ਹਸਪਤਾਲ ਨੂੰ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਆਕਸੀਜਨ ਦੀ ਆ ਰਹੀ ਘਾਟ ਦੂਰ ਕਰਨ ਲਈ 14 ਆਕਸੀਜਨ ਕੰਸਨਟਰੇਟਰ 10 ਲਿਟਰ ਦੇਣ ਸਬੰਧੀ 19.04 ਲੱਖ ਰੁਪਏ ਰੱਖੇ ਗਏ , ਕਮਿਊਨਿਟੀ ਸੈਂਟਰ ਇੰਦਰਾ ਨਗਰ ਨੂੰ ਕੋਵਿਡ ਆਈਸੋਲੇਸ਼ਨ ਵਾਰਡ ਬਣਾਉਣ ਅਤੇ ਆਈਸੋਲੇਸ਼ਨ ਵਾਰਡ ਲਈ ਸਾਮਾਨ ਦੀ ਖਰੀਦ ਕਰਨ ਸਬੰਧੀ ਵੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਭਾਜਪਾ ਕੌਂਸਲਰਾਂ ਰਾਜੇਸ਼ ਚੌਧਰੀ ਅਤੇ ਰਣਜੀਤ ਲੱਕੀ ਵੱਲੋਂ ਪ੍ਰਧਾਨ ਸੰਜੈ ਸਾਹਨੀ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਪੱਤਰ ਵਿੱਚ ਸਿਵਲ ਹਸਪਤਾਲ ਨੰਗਲ ਵਿੱਚ ਪਾਣੀ ਦੀ ਘਾਟ ਨੂੰ ਵੇਖਦੇ ਹੋਏ ਟਿਊਵਬੈੱਲ ਲਗਾਉਣ, ਕਰੋਨਾ ਦੌਰਾਨ ਹਸਪਤਾਲ ਵਿੱਚ ਸਟਾਫ ਦੀ ਭਾਰੀ ਘਾਟ ਪੂਰਾ ਕਰਨ ਅਤੇ ਭਰਤੀ ਵੇਲੇ ਨੰਗਲ ਵਾਸੀਆਂ ਨੂੰ ਪਹਿਲ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਕੋਵਿਡ-19 ਵੈਕਸੀਨ ਲਗਵਾਉਣ ਲਈ ਕੈਂਪ ਲਗਾਏ ਜਾਣ।
ਨਗਰ ਕੌਂਸਲ ਵੱਲੋਂ ਕਰੋਨਾ ਖ਼ਿਲਾਫ਼ ਜਾਗਰੂਕਤਾ ਮੁਹਿੰਮ
ਬਨੂੜ (ਪੱਤਰ ਪ੍ਰੇਰਕ): ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਅਧੀਨ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ ਅਤੇ ਕਰੋਨਾ ਖ਼ਿਲਾਫ਼ ਜਾਗਰੂਕਤਾ ਮੁਹਿੰਮ ਵਿੱਢੀ ਗਈ। ਸੀਐੱਫ ਅਮਨਦੀਪ ਕੌਰ ਸਿੱਧੂ, ਸੈਨੇਟਰੀ ਇੰਸਪੈਕਟਰ ਦਲਜੀਤ ਸਿੰਘ, ਅਸ਼ੋਕ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਅੱਜ ਸ਼ਹਿਰ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸ਼ਹਿਰ ਵਿੱਚ ਰਹਿੰਦੇ ਰਾਜਸਥਾਨੀ ਗੱਡੀਆਂ ਵਾਲੇ ਲੁਹਾਰਾਂ ਨੂੰ ਕਰੋਨਾ ਤੋਂ ਬਚਾਓ ਲਈ ਮਾਸਕ ਦੀ ਵਰਤੋਂ ਕਰਨ, ਦੋ ਗਜ਼ ਦੀ ਦੂਰੀ ਰੱਖਣ ਅਤੇ ਹੱਥ ਸਾਬਣ ਨਾਲ ਵਾਰ-ਵਾਰ ਧੋਣ ਲਈ ਪ੍ਰੇਰਿਆ। ਇਸ ਮੌਕੇ ਮਾਸਕ ਵੀ ਵੰਡੇ ਗਏ।