ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਸਤੰਬਰ
ਇਥੋਂ ਦੇ ਦੇਸ਼ਭਗਤ ਯਾਦਗਾਰ ਹਾਲ ਵਿੱਚ ਖੇਤਾਂ ਦੇ ਪੁੱਤ ਕਰਕੇ ਜਾਣੇ ਜਾਂਦੇ ਪਾਸ਼ ਦੀ ਕਵਿਤਾ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਚਰਚਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਧੀ ਸਦੀ ਬੀਤਣ ਦੇ ਬਾਵਜੂਦ ਵੀ ਅੱਜ ਪਾਸ਼ ਦੀਆਂ ਕਵਿਤਾਵਾਂ ਫਿਰਕੂ ਫਾਸ਼ੀ ਹੱਲੇ ਤੇ ਲੁੱਟ ਵਿਰੁੱਧ ਸੰਘਰਸ਼ ਕਰਨ ਦੀਆਂ ਬਾਤਾਂ ਪਾਉਂਦੀਆਂ ਹਨ। ਇਸ ਮੌਕੇ ਮੁੱਖ ਬੁਲਾਰੇ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਪਾਸ਼ ਦੀ ਕਵਿਤਾ ਜਿੱਥੇ ਫਿਰਕੂ ਫਾਸ਼ੀ ਹੱਲੇ, ਰਾਜ ਦੇ ਜਬਰ, ਲੁੱਟ ਅਤੇ ਸੰਘਰਸ਼ ਦੀ ਬਾਤ ਪਾਉਂਦੀ ਹੈ ਉੱਥੇ ਅੱਧੀ ਸਦੀ ਬੀਤ ਜਾਣ ’ਤੇ ਅੱਜ ਵੀ ਪ੍ਰਸੰਗਿਕ ਹੈ।
ਪੰਜਾਬੀ ਦੇ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਯਾਦ ’ਚ ਪਾਸ਼ ਯਾਦਗਾਰੀ ਕੌਮਾਂਤਰੀ ਟਰਸੱਟ ਵੱਲੋਂ ਕਰਵਾਏ ਸੈਮੀਨਾਰ ਵਿਚ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਕਿਸਾਨ ਸੰਘਰਸ਼ ਅਤੇ ਸਮੇਂ ਸਮੇਂ ਪੰਜਾਬ ਦੀ ਧਰਤੀ ’ਤੇ ਹੋ ਰਹੇ ਸੰਘਰਸ਼ਾਂ ਨੇ ਮੁਲਕ ਸਾਹਮਣੇ ਇਨਕਲਾਬੀ ਬਦਲ ਪੇਸ਼ ਕੀਤਾ ਹੈ। ਫਾਸ਼ੀਵਾਦ ਜਾਗਦੇ ਲੋਕਾਂ ਤੋਂ ਡਰਦਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਹਰ ਪਿੰਡ ਫ਼ੌਜੀ, ਨੀਮ ਫੌਜੀ ਅਤੇ ਪੁਲੀਸ ਬਲਾਂ ਦੀ ਛਾਉਣੀ ਬਣਿਆ ਹੋਵੇਗਾ। ਉਨ੍ਹਾਂ ਸੱਦਾ ਦਿੱਤਾ ਕਿ ਪੰਜਾਬ ਨੇ ਚੋਣਾਂ ਰਾਹੀਂ ਵੰਨ ਸੁਵੰਨੇ ਕਈ ਬਦਲ ਦੇਖ ਲਏ ਪਰ ਉਨ੍ਹਾਂ ਦੀ ਤਕਦੀਰ ਨਹੀਂ ਬਦਲੀ। ਆਪਣੀ ਤਕਦੀਰ ਬਦਲਣ ਲਈ ਉਨ੍ਹਾਂ ਨੇ ਲੋਕਾਂ ਨੂੰ ਇੱਕੋ ਇੱਕ ਸੁਵੱਲੜੇ ਰਾਹ, ਲੋਕ ਸੰਘਰਸ਼ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ। ਸੈਮੀਨਾਰ ਵਿਚ ਆਈਆਂ ਸ਼ਖਸੀਅਤਾਂ ਨੇ ਪੰਜਾਬ ਦੀਆਂ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 12, 13, ਅਤੇ 14 ਸਤੰਬਰ ਨੂੰ ਸੰਗਰੂਰ ਵਿਚ ਦਿੱਤੇ ਜਾਣ ਵਾਲੇ ਧਰਨੇ ’ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਉਣ ਦੀ ਨਿੰਦਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਜਮਹੂਰੀ ਹੱਕਾਂ ’ਤੇ ਛਾਪੇ ਮਾਰਨਾ ਬੰਦ ਕਰਕੇ ਇਹ ਪਾਬੰਦੀ ਤੁਰੰਤ ਹਟਾਈ ਜਾਵੇ।
ਪ੍ਰਧਾਨਗੀ ਮੰਡਲ ਵਿੱਚ ਡਾ.ਪਰਮਿੰਦਰ, ਅਤਰਜੀਤ, ਜਗੀਰ ਜੋਸਣ, ਡਾ.ਅਰੀਤ, ਅਮੋਲਕ ਸਿੰਘ, ਮੰਗਤ ਰਾਮ ਪਾਸਲਾ, ਬੂਟਾ ਸਿੰਘ ਮਹਿਮੂਦਪੁਰ ਤੇ ਮਨਜੀਤ ਔਲਖ ਸ਼ਾਮਿਲ ਸਨ। ਇਸ ਮੌਕੇ ਇਕਬਾਲ ਉਦਾਸੀ, ਬੂਟਾ ਸਿੰਘ ਮਹਿਮੂਦਪੁਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਸੁੱਚਾ ਸਿੰਘ ਤਲਵੰਡੀ ਸਲੇਮ ਤੋਂ ਇਲਾਵਾ ਮਜ਼ਦੂਰ, ਕਿਸਾਨ, ਤਰਕਸ਼ੀਲ, ਜਮਹੂਰੀ, ਸਮਾਜਿਕ, ਸਾਹਿਤਕ ਸਭਿਆਚਾਰਕ ਸੰਸਥਾਵਾਂ ਦੇ ਆਗੂ ਅਤੇ ਕਾਰਕੁਨ ਵੱਡੀ ਗਿਣਤੀ ਵਿਚ ਹਾਜ਼ਰ ਸਨ। ਮੰਚ ਸੰਚਾਲਨ ਕਵੀ ਜਗੀਰ ਜੋਸਣ ਅਤੇ ਡਾ. ਪਰਮਿੰਦਰ ਨੇ ਕੀਤਾ।