ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜਨਵਰੀ
ਸਾਬਕਾ ਡੀਜੀਪੀ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫ਼ਾ ਵੱਲੋਂ ਪਿਛਲੇ ਦਿਨੀਂ ਦਿੱਤੇ ਵਿਵਾਦਤ ਬਿਆਨ ਦੀ ਵੀਡੀਓ ਜਾਰੀ ਹੋਣ ਮਗਰੋਂ ਭਖੀ ਸਿਆਸਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਕੋਈ ਵੀ ਸੱਚਾ ਮੁਸਲਮਾਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਤੇ ਪੰਜਾਬੀਆਂ ਨੇ ਕਦੇ ਵੀ ਅਜਿਹੀ ਸੌੜੀ ਸੋਚ ਦਾ ਸਮਰਥਨ ਨਹੀਂ ਕੀਤਾ। ਇਹ ਸਭ ਮੁਸਤਫ਼ਾ ਦੇ ਆਪਣੇ ਦਿਮਾਗ ਦੀ ਪੈਦਾਇਸ਼ ਹੈ ਅਤੇ ਪਾਰਟੀ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਦਾ ਸਮਰਥਨ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਪਾਰਟੀ ਹਾਈ ਕਮਾਂਡ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਤੇ ਪਾਰਟੀ ਨੂੰ ਮੁਸਤਫਾ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।