ਪੱਤਰ ਪ੍ਰੇਰਕ
ਫਗਵਾੜਾ, 31 ਅਗਸਤ
ਇੱਥੇ ਅੱਜ ਸਵੇਰੇ ਬੰਗਾ ਰੋਡ ’ਤੇ ਸਥਿਤ ਕਾਫ਼ੀ ਸਮੇਂ ਤੋਂ ਬੰਦ ਪਏ ਸਿਵਲ ਹਸਪਤਾਲ ਦੀ ਪੁਰਾਣੀ ਇਮਾਰਤ ਦੇ ਅੰਦਰ ਗੁਟਕਾ ਸਾਹਿਬ ਅੰਗ ਖਿਲਰੇ ਮਿਲੇ ਹਨ। ਇਸ ਦੀ ਸੂਚਨਾ ਨੇੜਲੇ ਦੁਕਾਨਦਾਰ ਬਲਜੀਤ ਸਿੰਘ ਤੇ ਤਰੁਨਵੀਰ ਸਿੰਘ ਨੇ ਪੁਲੀਸ ਤੇ ਸਿੱਖ ਜਥੇਬੰਦੀਆਂ ਨੂੰ ਦਿੱਤੀ। ਦੁਕਾਨਦਾਰਾਂ ਨੇ ਗੁਟਕਾ ਸਾਹਿਬ ਦਾ ਸਨਮਾਨ ਕਰਦਿਆਂ ਇਸ ਦੇ ਅੰਗਾਂ ਨੂੰ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਪਹੁੰਚਾਇਆ। ਇਸ ਮੌਕੇ ਸਿੱਖ ਆਗੂ ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ ਤੇ ਪ੍ਰੀਤਮ ਸਿੰਘ ਪੁੱਜੇ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਐਤਵਾਰ ਤੱਕ ਮੁਲਜ਼ਮਾਂ ਦਾ ਪਤਾ ਲਗਾਇਆ ਜਾਵੇ ਨਹੀਂ ਤਾਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਅਗਲੀ ਰੂਪ ਰੇਖਾ ਉਲੀਕਣਗੀਆਂ।
ਡੀਐੱਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸੁਖਚੈਨਆਣਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 295-ਏ ਆਈਪੀਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੈਨੇਜਰ ਨੇ ਦੱਸਿਆ ਕਿ 11 ਜੂਨ ਨੂੰ ਮੇਹਲੀ ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ ਜਿਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਬੇਦਅਬੀ ਦੀਆਂ ਘਟਨਾਵਾ ਨੂੰ ਰੋਕਿਆ ਜਾਵੇ। ਇਸ ਦੌਰਾਨ ਮੌਕੇ ’ਤੇ ਐੱਸਪੀ ਮੁਖਤਿਆਰ ਰਾਏ, ਡੀਐੱਸਪੀ ਜਸਪ੍ਰੀਤ ਸਿੰਘ, ਐੱਸਐੱਚਓ ਸਿਟੀ ਅਮਨਦੀਪ, ਐੱਸਐੱਚਓ ਸਦਰ ਗੌਰਵ ਧੀਰ ਪੁੱਜੇ। ਪੁਲੀਸ ਨੇ ਘਟਨਾ ਸਥਾਨ ਦੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐੱਸਪੀ ਨੇ ਕਿਹਾ ਕਿ ਪੁਲੀਸ ਨੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।