ਕੇਪੀ ਸਿੰਘ
ਗੁਰਦਾਸਪੁਰ, 5 ਮਈ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਫ਼ਸਰਸ਼ਾਹੀ ਅਤੇ ਦਰਮਿਆਨੇ ਦਰਜੇ ਦੇ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਤਾਂ ਉਹ ਸਖ਼ਤ ਕਾਰਵਾਈ ਕਰਨਗੇ। ਗੁਰਦਾਸਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਚਾਰ ਸੀਨੀਅਰ ਅਧਿਕਾਰੀਆਂ ਵਿਰੁੱਧ ਭੇਜੇ ਗਏ ਨੋਟਿਸਾਂ ਦੀ ਤਰਜ਼ ’ਤੇ ਹੋਰਾਂ ਵਿਰੁੱਧ ਵੀ ਵਿਸ਼ੇਸ਼ ਅਧਿਕਾਰ ਨੋਟਿਸ ਵਿਧਾਨ ਸਭਾ ਸਪੀਕਰ ਨੂੰ ਭੇਜੇ ਜਾਣਗੇ। ਜਿਨ੍ਹਾਂ ਅਧਿਕਾਰੀਆਂ ਨੂੰ ਬਾਜਵਾ ਵੱਲੋਂ ਵਿਸ਼ੇਸ਼ ਅਧਿਕਾਰ ਨੋਟਿਸ ਦਾਇਰ ਕੀਤੇ ਗਏ ਹਨ, ਉਨ੍ਹਾਂ ਵਿੱਚ ਧਰਮਿੰਦਰ ਪਾਲ ਸਿੰਘ ਏਡੀਸੀ (ਵਿਕਾਸ), ਸੰਦੀਪ ਮਲਹੋਤਰਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀਡੀਪੀਓ), ਸੁਖਪਾਲ ਸਿੰਘ, ਐਕਸੀਅਨ, ਪੰਚਾਇਤੀ ਰਾਜ ਅਤੇ ਕਿਰਨਦੀਪ ਕੌਰ, ਬੀਡੀਪੀਓ, ਧਾਰੀਵਾਲ ਸ਼ਾਮਲ ਹਨ। ਸ੍ਰੀ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਕਾਦੀਆਂ ਦੇ ਮੌਜੂਦਾ ਵਿਧਾਇਕ ਵਜੋਂ ਇਨ੍ਹਾਂ ਅਧਿਕਾਰੀਆਂ ਦੀ 4 ਮਈ ਨੂੰ ਬੀਡੀਪੀਓ ਦਫ਼ਤਰ ਧਾਰੀਵਾਲ ਵਿੱਚ ਮੀਟਿੰਗ ਸੱਦੀ ਸੀ, ਹਾਲਾਂਕਿ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ, ਉਨ੍ਹਾਂ ਨੂੰ ਮੀਟਿੰਗ ਖ਼ਤਮ ਕਰਨੀ ਪਈ ਕਿਉਂਕਿ ਅਧਿਕਾਰੀ ਨਹੀਂ ਆਏ। ਬਾਜਵਾ ਅਨੁਸਾਰ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਅਧਿਕਾਰੀ ਅਸਲ ਵਿੱਚ ਹਾਜ਼ਰ ਹੋਣ ਲਈ ਤਿਆਰ ਸਨ ਪਰ ਚੰਡੀਗੜ੍ਹ ਤੋਂ ਆਖ਼ਰੀ ਮਿੰਟ ’ਤੇ ਆਈ ਇੱਕ ਕਾਲ ਨੇ ਉਨ੍ਹਾਂ ਨੂੰ ਪਰਤਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਲੀਡਰਸ਼ਿਪ ਵੱਲੋਂ ਅਧਿਕਾਰੀਆਂ ਨੂੰ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਬੁਲਾਈ ਗਈ ਕਾਰਵਾਈ ਵਿੱਚ ਸ਼ਾਮਲ ਨਾ ਹੋਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਜੋ ਲੋਕਤੰਤਰੀ ਵਿਵਸਥਾ ਦਾ ਘਾਣ ਹਨ। ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ 7 ਮਈ ਨੂੰ ਚੰਡੀਗੜ੍ਹ ਵਿੱਚ ਪਹਿਲੀ ਸੀਐੱਲਪੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਗ਼ੈਰਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਦੇ ਮੁੱਦੇ ’ਤੇ ਚਰਚਾ ਹੋਵੇਗੀ।
ਸ਼ਮਸ਼ੇਰ ਸਿੰਘ ਦੀ ਕਾਰਵਾਈ ਸੰਵਿਧਾਨਕ ਨਿਯਮਾਂ ਦੀ ਉਲੰਘਣਾ: ਬਾਜਵਾ
ਪ੍ਰਤਾਪ ਬਾਜਵਾ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਸੇ ਸਮੇਂ ਮਹਿਜ਼ ਦੋ ਕਿੱਲੋਮੀਟਰ ਦੀ ਦੂਰੀ ’ਤੇ ਗੁਰਦਾਸਪੁਰ ਦੇ ਪੀਐੱਸਪੀਸੀਐੱਲ ਦਫ਼ਤਰ ਵਿੱਚ ‘ਆਪ’ ਦੇ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਬਾਜਵਾ ਨੇ ਸ਼ਮਸ਼ੇਰ ਸਿੰਘ ਦੀ ਕਾਰਵਾਈ ਨੂੰ ਸੰਵਿਧਾਨਕ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਾਰ ਦਿੱਤਾ।