ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਉੱਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਉਚੇਰੀ ਸਿੱਖਿਆ ਦੇ ਏਜੰਡੇ ’ਤੇ ਅੱਜ ਸ਼ੁਰੂਆਤ ਕਰਦਿਆਂ ਸਿੱਖਿਆ ਮਾਹਿਰਾਂ ਤੋਂ ਪੰਜਾਬ ਦੀ ਉੱਚੇਰੀ ਸਿੱਖਿਆ ਦੀ ਬਿਹਤਰੀ ਲਈ ਸੁਝਾਅ ਪ੍ਰਾਪਤ ਕੀਤੇ| ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਉੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਵਿਆਪਕ ਖਾਕਾ ਉਲੀਕਣ ਦੀ ਬਹੁਤ ਲੋੜ ਹੈ| ਜਾਣਕਾਰੀ ਮੁਤਾਬਿਕ ਕੈਬਨਿਟ ਮੰਤਰੀ ਪਰਗਟ ਨੇ ਅੱਜ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਨਾਲ ਪਹਿਲੀ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਕੀਤੀ| ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਕਾਲਜਾਂ ਵਿਚ ਭਰਤੀ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਛੇਤੀ ਹੀ ਕਾਲਜਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ| ਉਨ੍ਹਾਂ ਉੱਚ ਸਿੱਖਿਆ ਅਤੇ ਖੋਜ ’ਤੇ ਖ਼ਰਚ ਨੂੰ ਵਧਾਏ ਜਾਣ ਦੀ ਗੱਲ ਵੀ ਰੱਖੀ।