ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਫਰਵਰੀ
ਰੂਸ ਤੇ ਯੂਕਰੇਨ ਵਿੱਚ ਯੁੱਧ ਦੀਆਂ ਵਧ ਰਹੀਆਂ ਸੰਭਾਵਨਾਵਾਂ ਕਾਰਨ ਉਥੇ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪੇ ਚਿੰਤਤ ਹਨ ਪਰ ਭਾਰਤ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਮੁਕਤਸਰ ਨੇੜਲੇ ਪਿੰਡ ਥਾਂਦੇਵਾਲਾ ਦੇ ਵਾਸੀ ਰਣਜੀਤ ਸਿੰਘ ਦੀ ਬੇਟੀ ਜਸਮੀਨ ਕੌਰ ਯੂਕਰੇਨ ਦੇ ਸ਼ਹਿਰ ਖਾਰਕੋਬ ਵੈਸਟ ਦੇ ਕਾਲਜ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੇ ਚੌਥੇ ਸਾਲ ਦੀ ਵਿਦਿਆਰਥਣ ਹੈ। ਉਸ ਨੇ ਭਾਰਤ ਆਉਣ ਵਾਸਤੇ ਦੋ ਵਾਰ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾਈ ਹੈ ਪਰ ਦੋਵੇਂ ਵਾਰੀ ਉਸ ਦੀ ਟਿਕਟ ਏਅਰਲਾਈਨ ਵੱਲੋਂ ਰੱਦ ਕਰ ਦਿੱਤੀ ਗਈ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਟਿਕਟ ਰੱਦ ਕਰਨ ਦਾ ਕਾਰਨ ਵੀ ਏਅਰਲਾਈਨ ਵੱਲੋਂ ਸਪੱਸ਼ਟ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਹੁਣ ਹਵਾਈ ਟਿਕਟ ਦਾ ਰੇਟ ਬਹੁਤ ਜ਼ਿਆਦਾ ਵੱਧ ਗਿਆ ਹੈ। ਪਹਿਲਾਂ ਜਿਹੜੀ ਟਿਕਟ 20 ਹਜ਼ਾਰ ਰੁਪਏ ਵਿੱਚ ਬੁੱਕ ਹੁੰਦੀ ਸੀ, ਉਸ ਦੀ ਕੀਮਤ ਕਈ ਗੁਣਾ ਵਧ ਗਈ ਹੈ। ਇਸੇ ਤਰ੍ਹਾਂ ਹੋਰ ਕਈ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕਰੇਨ ਤੋਂ ਭਾਰਤ ਵਾਪਸ ਆਉਣ ਵਾਲੇ ਵਿਦਿਆਰਥੀਆਂ ਲਈ ਫੌਰੀ ਲੋੜੀਂਦੇ ਕਿਫਾਇਤੀ ਪ੍ਰਬੰਧ ਕੀਤੇ ਜਾਣ।