ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਫ਼ਰਵਰੀ
ਯੂਕਰੇਨ ਦੇ ਖਾਰਕੀਵ ਅਤੇ ਕੀਵ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਵਾਪਸੀ ਲਈ ਹੁਣ ਤੱਕ ਕੋਈ ਉਪਰਾਲਾ ਨਾ ਹੋਣ ਕਾਰਨ ਮਾਪਿਆਂ ਵਿੱਚ ਚਿੰਤਾ ਅਤੇ ਰੋਸ ਵਧ ਰਿਹਾ ਹੈ। ਇਹ ਮਾਪੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਭਲਕੇ ਦਿੱਲੀ ਜਾਣਗੇ ਅਤੇ ਲੋੜ ਪੈਣ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕਰਨਗੇ।
ਵਿਦਿਆਰਥੀਆਂ ਦੇ ਮਾਪੇ ਅੱਜ ਇੱਥੇ ਸੰਸਦ ਮੈਂਬਰ ਸ੍ਰੀ ਔਜਲਾ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲੇ। ਮਾਪਿਆਂ ਨੇ ਵੀਡੀਓ ਕਾਲ ਰਾਹੀਂ ਬੱਚਿਆਂ ਨਾਲ ਸੰਸਦ ਮੈਂਬਰ ਦੀ ਗੱਲ ਵੀ ਕਰਵਾਈ। ਯੂਕਰੇਨ ਵਿੱਚ ਫਸੇ ਬੱਚਿਆਂ ਨੇ ਦੱਸਿਆ ਕਿ ਦਿਨੋ-ਦਿਨ ਮੁਸ਼ਕਲਾਂ ਵੱਧ ਰਹੀਆਂ ਹਨ। ਖਾਣ-ਪੀਣ ਦੇ ਸਾਮਾਨ ਦੀ ਕਮੀ ਆ ਰਹੀ ਹੈ। ਸੁਰੱਖਿਆ ਪੱਖੋਂ ਵੀ ਹੁਣ ਉਹ ਖ਼ਤਰਾ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਕਈ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ।
ਸ੍ਰੀ ਔਜਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਮਾਪਿਆਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਬੱਚਿਆਂ ਦੀ ਸੁਰੱਖਿਅਤ ਵਾਪਸੀ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਆ ਰਿਹਾ ਹੈ। ਉਹ ਕਈ ਵਾਰ ਵਿਦਿਆਰਥੀਆਂ ਦੇ ਵੇਰਵੇ ਭੇਜ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਦਫ਼ਤਰ, ਵਿਦੇਸ਼ ਮੰਤਰਾਲਾ ਅਤੇ ਯੂਕਰੇਨ ਵਿੱਚ ਸਥਾਪਤ ਭਾਰਤੀ ਕੰਟਰੋਲ ਰੂਮ ਵੱਲੋਂ ਵੀ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ। ਸ੍ਰੀ ਔਜਲਾ ਨੇ ਕਿਹਾ ਕਿ ਖਾਰਕੀਵ ਅਤੇ ਕੀਵ ਸ਼ਹਿਰ ਰੂਸ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਰੂਸ ਸਰਕਾਰ ਨਾਲ ਗੱਲਬਾਤ ਕਰਕੇ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਵੇ। ਸੰਸਦ ਮੈਂਬਰ ਨੇ ਦੱਸਿਆ ਕਿ ਲਗਪਗ 20 ਹਜ਼ਾਰ ਭਾਰਤੀ ਇਸ ਵੇਲੇ ਸੰਕਟ ’ਚ ਹਨ। ਭਾਰਤ ਸਰਕਾਰ ਵੱਲੋਂ ਇਨ੍ਹਾਂ ਦੀ ਵਾਪਸੀ ਦੀ ਰਫ਼ਤਾਰ ਬਹੁਤ ਸੁਸਤ ਹੈ ਅਤੇ ਜੇਕਰ ਇਹ ਰਫ਼ਤਾਰ ਨਾਲ ਵਾਪਸੀ ਹੋਈ ਤਾਂ ਸਾਰਿਆਂ ਦੀ ਵਾਪਸੀ ’ਚ ਇੱਕ ਮਹੀਨਾ ਲੱਗ ਜਾਵੇਗਾ। ਸ੍ਰੀ ਔਜਲਾ ਨੇ ਬੱਚਿਆਂ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਹੌਸਲਾ ਰੱਖਣ ਅਤੇ ਸੁਰੱਖਿਅਤ ਥਾਵਾਂ ਤੋਂ ਬਾਹਰ ਨਾ ਜਾਣ ਲਈ ਕਿਹਾ। ਯੂਕਰੇਨ ਦੀ ਪੁਲੀਸ ਵੱਲੋਂ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦੀ ਇਕ ਵੀਡਿਓ ਦੀ ਸਖਤ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ, ਜੋ ਉਨ੍ਹਾਂ ਦੇ ਦੇਸ਼ ਨੂੰ ਵਿਦੇਸ਼ੀ ਪੂੰਜੀ ਦੇ ਰਹੇ ਹਨ, ਦਾ ਧਿਆਨ ਰੱਖਣਾ ਚਾਹੀਦਾ ਹੈ।
ਇਸ ਦੌਰਾਨ ਨਰਿੰਦਰ, ਲਲਿਤ ਸ਼ਿੰਗਾਰੀ, ਸੀਮਾ, ਅਨੁਰਾਧਾ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਖਾਰਕੀਵ ਸ਼ਹਿਰ ਵਿੱਚ ਹਨ, ਜਿਨ੍ਹਾਂ ਵਿੱਚੋਂ ਕੁਝ ਹੋਸਟਲ ਦੇ ਜ਼ਮੀਨਦੋਜ਼ ਹਿੱਸੇ ਅਤੇ ਕੁਝ ਮੈਟਰੋ ਸਟੇਸ਼ਨ ਦੇ ਜ਼ਮੀਨਦੋਜ਼ ਹਿੱਸੇ ਵਿੱਚ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਸੰਕਟ ਵੱਧ ਰਿਹਾ ਹੈ ਅਤੇ ਬੱਚਿਆਂ ਨੂੰ ਭੁੱਖੇ ਰਹਿ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਮਾਪਿਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖਾਰਕੀਵ ਅਤੇ ਕੀਵ ਵਿੱਚ ਫਸੇ ਬੱਚਿਆਂ ਨੂੰ ਵੀ ਸੁਰੱਖਿਅਤ ਵਾਪਸੀ ਲਈ ਯਤਨ ਕੀਤਾ ਜਾਵੇ।