ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਫਰਵਰੀ
ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਨੇ ਜਿੱਥੇ ਪੂਰੇ ਵਿਸ਼ਵ ਦੀ ਚਿੰਤਾ ਵਧਾ ਦਿੱਤੀ ਹੈ, ਉਥੇ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਤੋਂ ਯੂਕਰੇਨ ’ਚ ਪੜ੍ਹਨ ਲਈ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਵਾਲੇ ਵੀ ਕਾਫ਼ੀ ਪ੍ਰੇਸ਼ਾਨ ਹਨ। ਸਨਅਤੀ ਸ਼ਹਿਰ ਦੀ ਲੜਕੀ ਯੂਕਰੇਨ ’ਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਈ ਹੋਈ ਹੈ, ਪਰ ਉਥੋਂ ਦੇ ਹਾਲਾਤ ਨੇ ਉਸ ਦੇ ਪਰਿਵਾਰ ਦੀ ਚਿੰਤਾ ਵਧਾ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਨੂੰ ਕਿਸੇ ਵੀ ਹਾਲਾਤ ’ਚ ਉਥੋਂ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਇਸ ਲਈ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ। ਸਨਅਤੀ ਸ਼ਹਿਰ ਤੋਂ ਯੂਕਰੇਨ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਗਈ ਭਵਾਨੀ ਭਾਟੀਆ ਦੇ ਪਿਤਾ ਅਸ਼ਵਨੀ ਭਾਟੀਆ ਤੇ ਸੁਕੰਨਿਆ ਭਾਟੀਆ ਨੇ ਭਾਰਤ ਸਰਕਾਰ ਅੱਗੇ ਗੁਹਾਰ ਲਈ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਵਾਪਸ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਉਡਾਣਾਂ ਦੀ ਟਿਕਟ ਮਹਿੰਗੀ ਹੋਣ ਕਾਰਨ ਵੀ ਮਾਪਿਆਂ ਦੀ ਪ੍ਰੇਸ਼ਾਨੀ ਵਧੀ ਹੈ।