ਅਜੇ ਮਲਹੋਤਰਾ
ਬਸੀ ਪਠਾਣਾਂ, 23 ਅਗਸਤ
ਬਸੀ ਪਠਾਣਾਂ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਆਨਲਾਈਨ ਦਾਖਲਿਆਂ ਦਾ ਇੱਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਵਿਦਿਆਰਥੀ ਅਤੇ ਉਸਦੇ ਦੇ ਮਾਪੇ ਹੈਰਾਨ ਹਨ। ਬਸੀ ਪਠਾਣਾਂ ਦੇ ਕਿਸਾਨ ਵਰਿੰਦਰਪਾਲ ਸਿੰਘ ਸਾਹੀ ਨੇ ਦੱਸਿਆ ਕਿ ਉਸ ਦਾ ਲੜਕਾ ਉਦੈਪਾਲ ਸਿੰਘ ਸਾਹੀ 10+1 ਦਾ ਵਿਦਿਆਰਥੀ ਹੈ ਅਤੇ ਉਸ ਨੇ ਦਸਵੀਂ ਜਮਾਤ ਹੌਲੀ ਹਾਰਟ ਸਕੂਲ ਤੋਂ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਬਸੀ ਪਠਾਣਾਂ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ’ਚੋਂ ਫੋਨ ਆ ਰਹੇ ਹਨ ਕਿ ਉਨ੍ਹਾਂ ਦੇ ਲੜਕੇ ਦਾ ਦਾਖਲਾ 10+1 ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਹੋਇਆ ਹੈ ਤੇ ਉਸ ਦੀ ਫੀਸ ਭਰ ਕੇ ਜਾਓ। ਉਨ੍ਹਾਂ ਫੋਨ ਕਰਨ ਵਾਲੀ ਅਧਿਆਪਕਾ ਨੂੰ ਦੱਸਿਆ ਕਿ ਉਸਦਾ ਲੜਕਾ ਲਾਲਾ ਲਾਜਪਤ ਰਾਏ ਸਕੂਲ ’ਚ ਪੜ੍ਹਦਾ ਹੈ। ਇਸ ਉਪਰੰਤ ਅਧਿਆਪਕਾ ਨੇ ਪੰਜ ਸੌ ਰੁਪਏ ਫੀਸ ਭਰ ਕੇ ਸਕੂਲ ਬਦਲਣ ਦਾ ਸਰਟੀਫਿਕੇਟ ਲਿਜਾਣ ਲਈ ਕਿਹਾ। ਸਕੂਲ ਅਧਿਆਪਕਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਉਪਰੋਂ ਹੁਕਮ ਆਏ ਹਨ। ਸਹਾਇਕ ਸਿੱਖਿਆ ਅਫ਼ਸਰ ਸਮਸ਼ੇਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਦਾਖਲਾ ਨਹੀਂ ਹੋ ਸਕਦਾ, ਪਰ ਜੇ ਅਜਿਹਾ ਹੋਇਆ ਹੈ ਹੈ ਤਾਂ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।