ਸਰਬਜੀਤ ਸਿੰਘ ਭੱਟੀ
ਲਾਲੜੂ, 28 ਫਰਵਰੀ
ਯੁੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਲਾਲੜੂ ਦੇ ਸਕੇ ਭੈਣ-ਭਰਾ ਨਿਕਿਤਾ ਸਿੰਘ ਅਤੇ ਪਾਰਸ ਰਾਣਾ ਬੰਕਰ ਵਿੱਚ ਦਿਨ ਕਟੀ ਕਰ ਰਹੇ ਹਨ।
ਲਾਲੜੂ ਨਿਵਾਸੀ ਰਣਦੀਪ ਰਾਣਾ ਦੀ ਪੁੱਤਰੀ ਨਿਕਿਤਾ ਸਿੰਘ ਖਾਰਕੀਵ ਦੀ ਨੈਸ਼ਨਲ ਯੂਨੀਵਰਸਿਟੀ ਵਿੱਚ ਮੈਡੀਕਲ ਦੇ ਚੌਥੇ ਸਾਲ ਦੀ ਵਿਦਿਆਰਥਣ ਹੈ ਅਤੇ ਪੁੱਤਰ ਪਾਰਸ ਰਾਣਾ ਮੈਡੀਕਲ ਦੇ ਤੀਜੇ ਸਾਲ ਦਾ ਵਿਦਿਆਰਥੀ ਹੈ।
ਭੈਣ-ਭਰਾ ਨੇ ਮਾਪਿਆਂ ਨੂੰ ਫੋਨ ’ਤੇ ਦੱਸਿਆ ਕਿ ਦਿਨ-ਰਾਤ ਦੌਰਾਨ ਉਥੇ ਅੱਧੀ ਦਰਜਨ ਤੋਂ ਵੱਧ ਵਾਰ ਸਾਇਰਨ ਵੱਜਦਾ ਹੈ। ਹਰ ਇਕ ਬੰਕਰ ਵਿੱਚ ਤਿੰਨ ਸੌ ਵਿਅਕਤੀ ਆ ਸਕਦੇ ਹਨ ਅਤੇ ਮੈਟਰੋ ਪਲੇਟਫਾਰਮ ’ਚ ਤਿੰਨ ਸੌ ਵਿਅਕਤੀ ਬੈਠ ਸਕਦੇ ਹਨ ਪਰ ਸੁਰੱਖਿਆ ਕਾਰਨਾਂ ਕਰਕੇ ਉਥੇ ਮੋਬਾਈਲ ਫੋਨ ਆਨ ਨਹੀਂ ਰੱਖ ਸਕਦੇ। ਸਮੂਹ ਵਿੱਚ ਸੈਲੂਲਰ ਫੋਨ ਨੈੱਟਵਰਕ ਜ਼ਿਆਦਾ ਸਰਗਰਮ ਹੈ ਤਾਂ ਉਥੇ ਹਮਲੇ ਦੀ ਵੱਧ ਸੰਭਾਵਨਾ ਰਹਿੰਦੀ ਹੈ।
ਬੱਚਿਆਂ ਨੇ ਦੱਸਿਆ ਕਿ ਹਵਾਈ ਅੱਡੇ ਤੇ ਸੜਕੀ ਮਾਰਗ ’ਤੇ ਹਮਲਿਆਂ ਦਾ ਖਤਰਾ ਵਧੇਰੇ ਹੈ। ਉਨ੍ਹਾਂ ਨੂੰ ਖਾਰਕੀਵ ਤੋਂ ਪੱਛਮੀ ਯੂਰਪ ਦੇ ਦੇਸ਼ਾਂ ’ਚ ਲਿਜਾਣ ਲਈ ਸਿਰਫ ਰੇਲ ਦੀ ਸਹੂਲਤ ਹੈ।
ਉਨ੍ਹਾਂ ਦੱਸਿਆ ਕਿ ਬੈਂਕ ਖਾਤਿਆਂ ਵਿੱਚ ਪੈਸੇ ਤਾਂ ਹਨ ਪਰ ਬਾਹਰ ਏਟੀਐੱਮ ’ਚ ਨਗਦੀ ਖਤਮ ਹੈ। ਦਿਨ-ਰਾਤ ਗੋਲਾਬਾਰੀ ਹੋਣ ਕਰਕੇ ਬਾਹਰ ਨਿਕਲਣ ’ਤੇ ਵੀ ਪਾਬੰਦੀ ਹੈ।
ਦੋਵੇਂ ਬੱਚਿਆਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚੋਂ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਬੱਚੇ ਸਹੀ ਸਲਾਮਤ ਘਰ ਪਰਤ ਸਕਣ।