ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਜੂਨ
ਜ਼ਿਲ੍ਹੇ ਦੀ ਸਬ-ਡਿਵੀਜ਼ਨ ਬਾਘਾਪੁਰਾਣਾ ਵਿਚ ਅੱਜ ਸ਼ਾਮ ਕਰੀਬ 6 ਵਜੇ ਇੱਕ ਕੁਰੀਅਰ ਦੀ ਦੁਕਾਨ ਉੱਤੇ ਧਮਾਕਾ ਹੋ ਗਿਆ। ਇਸ ਪਾਰਸਲ ਧਮਾਕੇ ਵਿੱਚ ਕੁਰੀਅਰ ਕਾਮਾ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ, ਐੱਸਪੀ ਆਈ ਹਰਿੰਦਰਪਾਲ ਸਿੰਘ ਪਰਮਾਰ, ਐੱਸਪੀ ਜਾਂਚ ਗੁਰਦੀਪ ਸਿੰਘ, ਡੀਐੱਸਪੀ (ਡੀ) ਜੰਗਜੀਤ ਸਿੰਘ ਰੰਧਾਵਾ, ਡੀਐੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਸਣੇ ਹੋਰ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਜ਼ਖ਼ਮੀ ਕਾਮੇ ਤੇ ਹੋਰਾਂ ਤੋਂ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਵੇਰਵਿਆਂ ਅਨੁਸਾਰ ਬਾਘਾਪੁਰਾਣਾ ਵਿਚ ਕੋਟਕਪੂਰਾ ਸੜਕ ਉੱਪਰ ਸਥਿਤ ਸਟਾਰ ਕੁਰੀਅਰ ਸਰਵਿਸ ਉੱਪਰ ਦੋ ਨੌਜਵਾਨ ਮੋਗੇ ਤੋਂ ਕੁਰੀਅਰ ਬੈਗ ਲੈ ਕੇ ਪਹੁੰਚੇ ਤਾਂ ਇਕਦਮ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਕੁਰੀਅਰ ਲਿਆਉਣ ਵਾਲਾ ਨੌਜਵਾਨ ਛੋਟੂ ਰਾਮ ਜ਼ਖ਼ਮੀ ਹੋ ਗਿਆ ਤੇ ਉਸ ਦੇ ਸਾਥੀ ਸੋਨੂੰ ਦਾ ਬਚਾਅ ਹੋ ਗਿਆ।
ਇਹ ਕੁਰੀਅਰ ਡੀਟੀਡੀਸੀ ਕੰਪਨੀ ਵੱਲੋਂ ਬੁਕ ਕੀਤੀ ਗਈ ਹੈ। ਇਸ ਕੁਰੀਅਰ ਉੱਤੇ ਭੇਜਣ ਵਾਲੇ ਦਾ ਪਤਾ ਦੀਪਕਾ ਵਾਸੀ ਆਦਰਸ਼ ਮੁਹੱਲਾ, ਨਾਭਾ ਗੇਟ, ਸੰਗਰੂਰ ਵੱਲੋਂ ਨਿਰਭੈ ਸਿੰਘ ਪਿੰਡ ਗੁਲਾਬ ਸਿੰਘ ਵਾਲਾ, ਸਮਾਧ ਰੋਡ, ਮੋਗਾ ਨੂੰ ਭੇਜੇ ਜਾਣ ਦਾ ਪਤਾ ਲਿਖਿਆ ਹੋਇਆ ਹੈ। ਇਸ ਪਾਰਸਲ ਉੱਤੇ ਦੋਵਾਂ ਦੇ ਮੋਬਾਈਲ ਨੰਬਰ ਵੀ ਲਿਖੇ ਹੋਏ ਹਨ। ਪੁਲੀਸ ਮੁਤਾਬਕ ਇਹ ਪਾਰਸਲ ਬੰਬ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਜਾਪਦਾ ਪਰ ਇਹ ਪਾਰਸਲ ਬੰਬ ਸੀ ਜਿਸ ਵਿਚੋਂ ਲੋਹੇ ਦੀਆਂ ਮੇਖਾਂ ਤੇ ਲੋਹੇ ਦਾ ਬੂਰਾ ਬਰਾਮਦ ਹੋਇਆ ਹੈ।
ਇਥੇ ਦੱਸਣਯੋਗ ਹੈ ਕਿ ਕਰੀਬ ਪੌਣੇ 2 ਸਾਲ ਪਹਿਲਾਂ ਵੀ ਇਥੇ ਸੂਦ ਕੁਰੀਅਰ ਸਰਵਿਸ ਉੱਤੇ ਪਾਰਸਲ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਕੁਰੀਅਰ ਕਾਰੋਬਾਰੀ ਵਿਕਾਸ ਸੂਦ ਜਖ਼ਮੀ ਹੋ ਗਿਆ ਸੀ। ਇਸ ਮਗਰੋਂ ਉੜੀਸਾ ਵਾਸੀ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ।