ਬਲਵਿੰਦਰ ਰੈਤ
ਨੂਰਪੁਰ ਬੇਦੀ, 2 ਮਾਰਚ
ਪਿੰਡ ਅਸਾਲਤਪੁਰ ਦੇ ਨਿਵਾਸੀ ਪਰਮਜੀਤ ਸਿੰਘ ਜੋ ਕਿ ਪਿਛਲੇ ਦੋ ਸਾਲ ਤੋਂ ਸਾਊਦੀ ਅਰਬ ਗਿਆ ਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੀ ਕੰਪਨੀ ਨਾਲ ਕੁਝ ਅਣਬਣ ਹੋ ਗਈ ਸੀ ਜਿਸ ਕਾਰਨ ਉਸ ਦੀ ਆਈਡੀ ਬਲੌਕ ਕਰ ਦਿੱਤੀ ਗਈ ਅਤੇ ਮਾਮੂਲੀ ਤਕਰਾਰ ਕਾਰਨ ਉੱਥੇ ਫ਼ੌਜੀਆਂ ਨੇ ਉਸਨੂੰ ਯੱਦੇ ਸ਼ਹਿਰ ਦੀ ਜੇਲ੍ਹ ਵਿੱਚ ਭੇਜ ਦਿੱਤਾ। ਜਦੋਂ ਕਿਸੇ ਪਾਸਿਓਂ ਮਦਦ ਦੀ ਕੋਈ ਆਸ ਨਾ ਰਹੀ ਅਤੇ ਏਜੰਟ ਨੇ ਵੀ ਉਸ ਦਾ ਨੰਬਰ ਬਲੈਕ ਲਿਸਟ ਵਿੱਚ ਪਾ ਦਿੱਤਾ ਤਾਂ ਉਸ ਨੇ ਆਪਣੇ ਪਰਿਵਾਰ ਨਾਲ ਸੰਪਰਕ ਕਰ ਕੇ ਇੱਥੋਂ ਦੀ ਅੰਬੈਸੀ ਨਾਲ ਵੀ ਸੰਪਰਕ ਕੀਤਾ ਪਰ ਕੋਈ ਹੱਲ ਨਾ ਨਿਕਲਿਆ। ਜਦੋਂ ਇਲਾਕੇ ਦੇ ਕੁਝ ਪੱਤਵੰਤਿਆਂ ਨੇ ਸਾਰਾ ਮਾਮਲਾ ਸਮਾਜ ਸੇਵੀ ਅਜੈਵੀਰ ਸਿੰਘ ਲਾਲਪੁਰਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਆਪਣੇ ਮਿੱਤਰ ਇਮਰਾਨ ਨਾਲ ਕੀਤੀ ਤੇ ਉਥੋਂ ਦੀ ਅੰਬੈਸੀ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਪਰਮਜੀਤ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ ਗਿਆ ਤੇ ਦਸ ਦਿਨਾਂ ਦੇ ਅੰਦਰ ਉਹ ਪੰਜਾਬ ਪਰਤ ਆਇਆ ਹੈ।