ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਗਸਤ
ਪੈਰਾਲੰਪਿਕ ਖਿਡਾਰੀਆਂ ਨੇ ਅੱਜ ਨੌਕਰੀ ਦੀ ਮੰਗ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਆਪਣੇ ਤਗ਼ਮੇ ਤੇ ਇਨਾਮ ਰੱਖ ਕੇ ਧਰਨਾ ਦਿੱਤਾ। ਪੁਲੀਸ ਨੇ ਇਨ੍ਹਾਂ ਖਿਡਾਰੀਆਂ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਕੁਝ ਦੂਰੀ ’ਤੇ ਰੋਕ ਦਿੱਤਾ ਸੀ। ਇਹ ਧਰਨਾ ਸਵੇਰ ਤੋਂ ਬਾਅਦ ਦੁਪਹਿਰ ਤੱਕ ਚੱਲਦਾ ਰਿਹਾ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਓਐੱਸਡੀ ਐੱਮ ਪੀ ਸਿੰਘ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪੈਰਾਲੰਪਿਕ ਖਿਡਾਰੀਆਂ ਨੂੰ ਨੌਕਰੀਆਂ ਦੇਣ ਦਾ ਮੁੱਦਾ ਆਗਾਮੀ ਕੈਬਨਿਟ ਮੀਟਿੰਗ ਵਿੱਚ ਜ਼ਰੂਰ ਚੁੱਕਿਆ ਜਾਵੇਗਾ। ਇਸ ਮੌਕੇ ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਦੇਸ਼ ਲਈ ਖੇਡਦਿਆਂ ਕੌਮਾਂਤਰੀ ਪੱਧਰ ’ਤੇ ਕਈ ਤਗ਼ਮੇ ਹਾਸਲ ਕੀਤੇ ਹਨ ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਉਨ੍ਹਾਂ ਨੂੰ ਨੌਕਰੀਆਂ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੈਰਾਲੰਪਿਕ ਖਿਡਾਰੀਆਂ ਨੂੰ ਸਪੋਰਟਸ ਅਤੇ ਹੈਂਡੀਕੇਪਡ ਕੋਟੇ ਵਿੱਚੋਂ ਇੱਕ-ਇੱਕ ਫ਼ੀਸਦੀ ਹਿੱਸਾ ਦਿੱਤਾ ਜਾਵੇ। ਦੱਸਣਯੋਗ ਹੈ ਕਿ ਇਸੇ ਮਹੀਨੇ ਹੋਈ ਕੈਬਨਿਟ ਦੀ ਮੀਟਿੰਗ ’ਚ ਪੈਰਾਲੰਪਿਕ ਖਿਡਾਰੀਆਂ ਨੂੰ ਨੌਕਰੀਆਂ ਦੇਣ ਦਾ ਕੋਈ ਮੁੱਦਾ ਨਾ ਚੁੱਕੇ ਜਾਣ ਦੇ ਰੋਸ ਵਜੋਂ ਅੱਜ ਇਨ੍ਹਾਂ ਖਿਡਾਰੀਆਂ ਨੇ ਧਰਨਾ ਦਿੱਤਾ।