ਦਰਜਨਾਂ ਹਲਕਿਆਂ ਵਿੱਚ ਪੈਰਾਸ਼ੂਟ ਉਮੀਦਵਾਰ ਉਤਰੇ

ਦਰਜਨਾਂ ਹਲਕਿਆਂ ਵਿੱਚ ਪੈਰਾਸ਼ੂਟ ਉਮੀਦਵਾਰ ਉਤਰੇ

ਚਰਨਜੀਤ ਭੁੱਲਰ
ਚੰਡੀਗੜ੍ਹ, 17 ਜਨਵਰੀ

ਮੁੱਖ ਅੰਸ਼

  • ਤਿੰਨ ਪਾਰਟੀਆਂ ਨੇ 67 ਬਾਹਰੀ ਉਮੀਦਵਾਰਾਂ ਨੂੰ ਦਿੱਤੀਆਂ ਟਿਕਟਾਂ
  • ਸ਼੍ਰੋਮਣੀ ਅਕਾਲੀ ਦਲ ਸਭ ਤੋਂ ਅੱਗੇ

ਸਿਆਸੀ ਧਿਰਾਂ ਨੇ ਐਤਕੀਂ ਵਿਧਾਨ ਸਭਾ ਚੋਣਾਂ ਲਈ ਦਰਜਨਾਂ ਹਲਕਿਆਂ ’ਚ ਪੈਰਾਸ਼ੂਟ ਉਮੀਦਵਾਰ ਉਤਾਰੇ ਹਨ। ਕਈ ਹਲਕਿਆਂ ਦੇ ਜਾਏ ਰਾਜਸੀ ਧਿਰਾਂ ਨੇ ਪਰਾਏ ਬਣਾ ਕੇ ਰੱਖ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਪੈਰਾਸ਼ੂਟ ਉਮੀਦਵਾਰ ਉਤਾਰੇ ਜਾਣ ’ਚ ਬਾਜ਼ੀ ਮਾਰੀ ਹੈ ਜਦੋਂ ਕਿ ਕਾਂਗਰਸ ਇਸ ਮਾਮਲੇ ’ਚ ਦੂਜੇ ਨੰਬਰ ’ਤੇ ਹੈ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ’ਚ ਥੋੜਾ ਗੁਰੇਜ਼ ਕੀਤਾ ਹੈ। ਪੰਜਾਬ ਦੇ ਚੋਣ ਪਿੜ ਵਿਚ ਪ੍ਰਮੁੱਖ ਤਿੰਨ ਪਾਰਟੀਆਂ ਦੇ 67 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੀ ਰਿਹਾਇਸ਼ ਹਲਕੇ ਵਿਚ ਨਹੀਂ ਪੈਂਦੀ ਹੈ ਜਿੱਥੋਂ ਉਹ ਚੋਣ ਲੜ ਰਹੇ ਹਨ।

‘ਪੰਜਾਬੀ ਟ੍ਰਿਬਿਊਨ’ ਵੱਲੋਂ ਇਕੱਠੇ ਕੀਤੇ ਗਏ ਵੇਰਵਿਆਂ ਅਨੁਸਾਰ ਕਾਂਗਰਸ ਵੱਲੋਂ ਐਲਾਨੇ 86 ਉਮੀਦਵਾਰਾਂ ’ਚੋਂ ਕਰੀਬ ਡੇਢ ਦਰਜਨ ਉਮੀਦਵਾਰ ਹਲਕੇ ਤੋਂ ਬਾਹਰਲੇ ਹਨ। ਕਾਂਗਰਸ ਨੇ 20 ਫ਼ੀਸਦੀ ਉਮੀਦਵਾਰਾਂ ਨੂੰ ਟਿਕਟ ਦੇਣ ਸਮੇਂ ਹਲਕੇ ਦੇ ਲੀਡਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ 94 ਉਮੀਦਵਾਰ ਐਲਾਨੇ ਹਨ ਜਿਨ੍ਹਾਂ ’ਚੋਂ 34 ਹਲਕਿਆਂ ਤੋਂ ਬਾਹਰਲੇ ਹਨ ਜੋ ਕਿ ਕਰੀਬ 36 ਫ਼ੀਸਦੀ ਬਣਦੇ ਹਨ। ਆਮ ਆਦਮੀ ਪਾਰਟੀ ਦੇ ਐਲਾਨੇ ਗਏ 111 ਉਮੀਦਵਾਰਾਂ ’ਚੋਂ 16 ਹਲਕਿਆਂ ਤੋਂ ਬਾਹਰ ਦੇ ਹਨ ਜੋ ਕਰੀਬ 14 ਫ਼ੀਸਦੀ ਬਣਦੇ ਹਨ। ਸਿਆਸੀ ਧਿਰਾਂ ਵੱਲੋਂ ਜਿੱਤਣ ਦੀ ਸਮਰੱਥਾ ਦੇਖੀ ਗਈ ਹੈ ਜਾਂ ਫਿਰ ਆਪਣੇ ਚਹੇਤਿਆਂ ਨੂੰ ਨਿਵਾਜਣ ਲਈ ਦੂਸਰੇ ਹਲਕਿਆਂ ’ਚ ਉਤਾਰ ਦਿੱਤਾ ਗਿਆ ਹੈ। ਕਾਂਗਰਸ ਨੇ ਬਠਿੰਡਾ ਜ਼ਿਲ੍ਹੇ ਦੇ ਛੇ ’ਚੋਂ ਪੰਜ ਹਲਕਿਆਂ ’ਚ ‘ਆਊਟ ਸਾਈਡਰ’ ਚੋਣ ਮੈਦਾਨ ਵਿਚ ਉਤਾਰੇ ਹਨ। ਤਲਵੰਡੀ ਸਾਬੋ ਤੋਂ ਖੁਸ਼ਬਾਜ ਜਟਾਣਾ, ਭੁੱਚੋ ਮੰਡੀ ਤੋਂ ਪ੍ਰੀਤਮ ਕੋਟਭਾਈ, ਮੌੜ ਤੋਂ ਡਾ. ਮੰਜੂ ਬਾਲਾ ਬਾਂਸਲ ਹਲਕੇ ਤੋਂ ਬਾਹਰਲੇ ਹਨ। ਮਲੋਟ ਤੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਰੂਬੀ ਵੀ ਆਊਟ ਸਾਈਡਰ ਹਨ ਜਦੋਂ ਕਿ ਦਾਖਾ ਤੋਂ ਉਮੀਦਵਾਰ ਐਲਾਨੇ ਕੈਪਟਨ ਸੰਦੀਪ ਸੰਧੂ ਵੀ ਫ਼ਰੀਦਕੋਟ ਦੇ ਰਹਿਣ ਵਾਲੇ ਹਨ। ਇਸੇ ਤਰ੍ਹਾਂ ਫਿਲੌਰ, ਅਮਲੋਹ, ਖੰਨਾ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਸਮਾਣਾ, ਸੰਗਰੂਰ ਆਦਿ ਹਲਕਿਆਂ ਦੇ ਉਮੀਦਵਾਰ ਵੀ ਹਲਕੇ ਤੋਂ ਬਾਹਰਲੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਲਹਿਰਾਗਾਗਾ, ਸੰਗਰੂਰ, ਧੂਰੀ, ਸੁਨਾਮ ਤੇ ਦਿੜ੍ਹਬਾ ਹਲਕੇ ਵਿਚ ਉਹ ਉਮੀਦਵਾਰ ਉਤਾਰੇ ਹਨ ਜੋ ਹਲਕੇ ਦੇ ਬਾਸ਼ਿੰਦੇ ਨਹੀਂ ਹਨ। ਬਠਿੰਡਾ ਦਿਹਾਤੀ ’ਚ ਅਬੋਹਰ ਦੇ ਪ੍ਰਕਾਸ਼ ਸਿੰਘ ਭੱਟੀ, ਹਲਕਾ ਮੌੜ ਵਿਚ ਮੁਕਤਸਰ ਦੇ ਜਗਮੀਤ ਸਿੰਘ ਬਰਾੜ ਨੂੰ ਉਤਾਰਿਆ ਗਿਆ ਹੈ। ਫ਼ਿਰੋਜ਼ਪੁਰ ਸ਼ਹਿਰੀ ਵਿਚ ਗੁਰੂਹਰਸਹਾਏ ਦੇ ਵੋਹਰਾ ਨੂੰ ਅਤੇ ਡੇਰਾ ਬਾਬਾ ਨਾਨਕ ਵਿਚ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਬਾਸ਼ਿੰਦੇ ਨੂੰ ਟਿਕਟ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਟਾਲਾ, ਬੰਗਾ, ਧਰਮਕੋਟ, ਜ਼ੀਰਾ, ਜਲਾਲਾਬਾਦ, ਫ਼ਾਜ਼ਿਲਕਾ, ਭੁੱਚੋ ਮੰਡੀ, ਆਤਮ ਨਗਰ, ਸ਼ੁਤਰਾਣਾ, ਰਾਜਪੁਰਾ, ਘਨੌਰ, ਸਨੌਰ ਆਦਿ ਵਿਚ ਬਾਹਰਲੇ ਉਮੀਦਵਾਰਾਂ ਨੂੰ ਉਤਾਰਿਆ ਹੈ। ਪੈਰਾਸ਼ੂਟ ਉੁਮੀਦਵਾਰਾਂ ਅੱਗੇ ਹਲਕੇ ਦੇ ਲੋਕ ਠੱਗੇ ਮਹਿਸੂਸ ਕਰਦੇ ਹਨ। ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਆਊਟ ਸਾਈਡਰ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੇ ਪਿੱਛੇ ਕੰਮ ਲਈ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ। ‘ਆਪ’ ਵੱਲੋਂ ਮਲੋਟ ਤੋਂ ਡਾ. ਬਲਜੀਤ ਕੌਰ ਨੂੰ ਉਤਾਰਿਆ ਗਿਆ ਹੈ ਜੋ ਮੁਕਤਸਰ ਦੇ ਬਾਸ਼ਿੰਦੇ ਹਨ। ਰਾਮਪੁਰਾ ਫੂਲ ਤੋਂ ਗਾਇਕ ਬਲਕਾਰ ਸਿੱਧੂ ਉਮੀਦਵਾਰ ਹਨ ਜੋ ਭੁੱਚੋ ਦੇ ਰਹਿਣ ਵਾਲੇ ਹਨ। ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਵੀ ਹਲਕਾ ਰਾਜਾਸਾਂਸੀ ਦੇ ਰਹਿਣ ਵਾਲੇ ਹਨ। ਕਾਦੀਆਂ ਤੋਂ ਜਗਰੂਪ ਸੇਖਵਾਂ, ਅੰਮ੍ਰਿਤਸਰ ਕੇਂਦਰੀ ਤੋਂ ਅਜੇ ਗੁਪਤਾ, ਅੰਮ੍ਰਿਤਸਰ ਈਸਟ ਤੋਂ ਜੀਵਨਜੋਤ ਕੌਰ, ਅੰਮ੍ਰਿਤਸਰ ਉੱਤਰੀ ਤੋਂ ਕੁੰਵਰ ਵਿਜੈ ਪ੍ਰਤਾਪ ਅਤੇ ਖਰੜ ਤੋਂ ‘ਆਪ’ ਉਮੀਦਵਾਰ ਅਨਮੋਲ ਗਗਨ ਮਾਨ ਵੀ ਆਊਟ ਸਾਈਡਰ ਹਨ।

ਲੋਕਰਾਜੀ ਪ੍ਰਕਿਰਿਆ ਨੂੰ ਹਾਈਜੈਕ ਕੀਤਾ: ਜੋਧਕਾ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋ. ਸੁਰਿੰਦਰ ਜੋਧਕਾ ਨੇ ਕਿਹਾ ਕਿ ਚੋਣਾਂ ਮੌਕੇ ਹਲਕੇ ’ਚ ਲੋਕਾਂ ਦੀ ਪ੍ਰਤੀਨਿਧਤਾ ਕੌਣ ਕਰੇਗਾ, ਇਹ ਫ਼ੈਸਲਾ ਹਲਕੇ ਦੇ ਲੋਕ ਨਹੀਂ ਬਲਕਿ ਸਿਆਸੀ ਧਿਰਾਂ ਦੇ ਨੇਤਾ ਲੈਂਦੇ ਹਨ ਜਿਸ ਨਾਲ ਸਥਾਨਕ ਲੋਕਰਾਜ ਨੂੰ ਵੱਡੀ ਢਾਹ ਲੱਗਦੀ ਹੈ। ਉਨ੍ਹਾਂ ਕਿਹਾ ਕਿ ਲੋਕਰਾਜੀ ਪ੍ਰਕਿਰਿਆ ਨੂੰ ਹੁਣ ਹਾਈਜੈਕ ਕੀਤਾ ਜਾਣ ਲੱਗਾ ਹੈ ਤੇ ਲੋਕਾਂ ਦੀ ਇੱਛਾ ਜਾਂ ਭਾਵਨਾਵਾਂ ਦਾ ਕੋਈ ਮੁੱਲ ਨਹੀਂ ਰਹਿ ਗਿਆ ਹੈ।

ਲੋਕ ਭਾਵਨਾਵਾਂ ਦੀ ਤਰਜਮਾਨੀ ਨਹੀਂ: ਸੇਖੋਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਰਿਟਾਇਰ ਅਧਿਆਪਕ ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਪੈਰਾਸ਼ੂਟ ਉਮੀਦਵਾਰ ਅਸਲ ਵਿਚ ਹਲਕੇ ਦੀਆਂ ਲੋਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੇ ਹਨ ਸਗੋਂ ਸਿਆਸੀ ਧਿਰਾਂ ਵੱਲੋਂ ਸੱਤਾ ਹਾਸਲ ਕਰਨ ਲਈ ਆਪਣੇ ਮਨਪਸੰਦਾਂ ਨੂੰ ਹਲਕੇ ’ਤੇ ਥੋਪ ਦਿੱਤਾ ਜਾਂਦਾ ਹੈ ਜੋ ਸਿਆਸਤ ’ਚ ਨੈਤਿਕ ਗਿਰਾਵਟ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਊਟ ਸਾਈਡਰ ਉਮੀਦਵਾਰਾਂ ਦੀ ਹਲਕੇ ਪ੍ਰਤੀ ਕੋਈ ਪ੍ਰਤੀਬੱਧਤਾ ਨਹੀਂ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All