ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਗਸਤ
ਰੈਫ਼ਰੰਡਮ 2020 ਦੀ ਵਕਾਲਤ ਕਰਨ ਵਾਲੇ ਗੁਰਪਤਵੰਤ ਸਿੰਘ ਪੰਨੂ ਨੇ ਅੱਜ 57 ਸੈਕਿੰਡ ਦੀ ਇੱਕ ਵੀਡੀਓ ਜਾਰੀ ਕਰਕੇ ਲੁਧਿਆਣਾ ਵਿੱਚ ਹੋਣ ਵਾਲੇ ਆਜ਼ਾਦੀ ਸਮਾਗਮ ਮੌਕੇ ਧਮਾਕਾ ਕਰਨ ਦੀ ਧਮਕੀ ਦਿੱਤੀ ਹੈ। ਇਸ ਵੀਡੀਓ ਵਿੱਚ ਪਹਿਲਾਂ ਕੌਮੀ ਝੰਡਾ ਸੜਦਾ ਦਿਖਾਇਆ ਗਿਆ ਹੈ ਤੇ ਬਾਅਦ ਵਿੱਚ ਇੱਕ ਰੇਲਵੇ ਲਾਈਨ ਦਿਖਾਈ ਗਈ ਹੈ। ਪੰਨੂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਰੇਲਵੇ ਲਾਈਨ ਲੁਧਿਆਣਾ ਦੀ ਹੈ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਇਹ ਵੀਡੀਓ ਲੁਧਿਆਣਾ ਦੀ ਨਹੀਂ ਹੈ। ਇਸ ਦੇ ਨਾਲ ਹੀ ਪੰਨੂ ਨੇ ਲੁਧਿਆਣਾ ਵਿੱਚ ਹੋਣ ਵਾਲੇ ਆਜ਼ਾਦੀ ਦਿਵਸ ਦੇ ਸੂਬਾ ਪੱਧਰੀ ਸਮਾਗਮ ਨੂੰ ਵੀ ਚੁਣੌਤੀ ਦਿੱਤੀ ਹੈ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਕੌਮੀ ਝੰਡਾ ਲਹਿਰਾਉਣਗੇ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ। ਪੰਨੂ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਜੋ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਉਸ ਵਿੱਚ ਦਿਖਾਈ ਗਈ ਰੇਲਵੇ ਲਾਈਨ ਲੁਧਿਆਣਾ ਦੀ ਨਹੀਂ ਹੈ ਤੇ ਉਨ੍ਹਾਂ ਇਸ ਬਾਰੇ ਸਾਰੀ ਜਾਂਚ ਕਰਵਾ ਲਈ ਹੈ।