ਖੇਤਰੀ ਪ੍ਰਤੀਨਿਧ
ਪਟਿਆਲਾ, 5 ਮਈ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਪਟਿਆਲਾ ’ਚ ਵਾਪਰੀ ਹਿੰਸਕ ਘਟਨਾ ਦੌਰਾਨ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਅਜਨਾਲੀ ਦਾ ਹਸਪਤਾਲ ਜਾ ਕੇ ਹਾਲ-ਚਾਲ ਪੁੱਛਿਆ। ਉਹ ਛੇ ਦਿਨਾਂ ਤੋਂ ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਗੋਲੀ ਉਸ ਦੇ ਨਾਜ਼ੁਕ ਥਾਂ ’ਤੇ ਲੱਗੀ ਹੈ। ਜਿਸ ਕਰ ਕੇ ਅਪਰੇਸ਼ਨ ਕਰ ਕੇ ਗੋਲ਼ੀ ਕੱਢਣ ਦੀ ਕਾਰਵਾਈ ਨੂੰ ਮਰੀਜ਼ ਲਈ ਖਤਰੇ ਦਾ ਕਾਰਨ ਮੰਨਦਿਆਂ ਅਜੇ ਤੱਕ ਡਾਕਟਰਾਂ ਵੱਲੋਂ ਇਹ ਗੋਲ਼ੀ ਨਹੀਂ ਕੱਢੀ ਜਾ ਸਕੀ। ਡੀਐੱਮਸੀ ਦੇ ਡਾਕਟਰਾਂ ਦੀ ਇੱਕ ਮਾਹਿਰ ਟੀਮ ਨੇ ਵੀ ਕੱਲ੍ਹ ਇਥੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਸੀ ਪਰ ਪੰਜ ਮਈ ਦੀ ਸ਼ਾਮ ਤੱਕ ਵੀ ਗੋਲ਼ੀ ਕੱਢਣ ਲਈ ਸਹਿਮਤੀ ਨਹੀਂ ਸੀ ਬਣ ਸਕੀ।