ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 19 ਮਈ
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ਵਿੱਚ ਮਗਨਰੇਗਾ ਸਕੀਮ ਅਧੀਨ ਕੀਤੀਆਂ ਜਾਣ ਵਾਲੀਆਂ ਹਰ ਤਰ੍ਹਾਂ ਦੀਆਂ ਭਰਤੀਆਂ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਸਰਕਾਰ ਬਣਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਨੌਕਰੀਆਂ ਲਈ ਦਿੱਤੇ ਇਸ਼ਤਿਹਾਰਾਂ ਉੱਤੇ ਵੀ ਰੋਕ ਲਗਾ ਦਿੱਤੀ ਹੈ। ਪੰਚਾਇਤ ਮੰਤਰੀ ਨੇ ਇਹ ਵੀ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਭਵਿੱਖ ਵਿੱਚ ਮਗਨਰੇਗਾ ਸਕੀਮ ਅਧੀਨ ਕਿਸੇ ਵੀ ਤਰ੍ਹਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਪੰਚਾਇਤ ਮੰਤਰੀ ਦੀ ਮਨਜ਼ੂਰੀ ਲੈਣਾ ਲਾਜ਼ਮੀ ਬਣਾਇਆ ਜਾਵੇ। ਪੰਚਾਇਤ ਮੰਤਰੀ ਦੇ ਇਨ੍ਹਾਂ ਨਿਰਦੇਸ਼ਾਂ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ ਨੇ ਰਾਜ ਦੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰਾਂ ਨੂੰ ਲਿਖਤੀ ਪੱਤਰ ਲਿਖਿਆ ਹੈ। ਉਨ੍ਹਾਂ ਆਖਿਆ ਕਿ ਪੰਚਾਇਤ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਬਿਨਾਂ ਪੂਰਵ ਮਨਜ਼ੂਰੀ ਤੋਂ ਮਗਨਰੇਗਾ ਦੀ ਕਿਸੇ ਵੀ ਸਕੀਮ ਅਧੀਨ ਭਰਤੀ ਦਾ ਇਸ਼ਤਿਹਾਰ ਨਾ ਦਿੱਤਾ ਜਾਵੇ। ਉਨ੍ਹਾਂ ਲਿਖਿਆ ਕਿ ਭਰਤੀ ਬਾਰੇ ਇਸ਼ਤਿਹਾਰ ਦੇਣ ਲਈ ਤਜਵੀਜ਼ ਬਣਾ ਕੇ ਉਨ੍ਹਾਂ ਕੋਲ ਭੇਜੀ ਜਾਵੇ ਤਾਂ ਕਿ ਅਜਿਹੀ ਤਜਵੀਜ਼ ਨੂੰ ਪੂਰਵ ਪ੍ਰਵਾਨਗੀ ਲਈ ਪੰਚਾਇਤ ਮੰਤਰੀ ਕੋਲ ਭੇਜਿਆ ਜਾ ਸਕੇ।
ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੇ ਵਿਭਾਗ ਦੇ ਡਿਪਟੀ ਡਾਇਰੈਕਟਰ ਜੋਗਿੰਦਰ ਕੁਮਾਰ ਨੂੰ ਬੀਡੀਪੀਓ’ਜ਼ ਅਤੇ ਐੱਈਪੀਓ’ਜ਼ ਦੀ ਚੱਲ ਅਤੇ ਅਚੱਲ ਸੰਪੰਤੀ ਸਬੰਧੀ 2021-22 ਦੀਆਂ ਰਿਟਰਨਾਂ ਦੀ ਸੂਚਨਾ ਨੂੰ ਐੱਚਆਰਐੱਮਐੱਸ ਪੋਰਟਲ ’ਤੇ ਤਸਦੀਕ ਕਰਨ ਲਈ ਨਿਯੁਕਤ ਕੀਤਾ ਹੈ।