ਪੱਤਰ ਪ੍ਰੇਰਕ
ਘਨੌਲੀ, 23 ਜੂਨ
ਸੰਸਦ ਆਦਰਸ਼ ਪਿੰਡ ਘਨੌਲੀ ਤੋਂ ਵੱਖ ਹੋ ਕੇ ਨਵੇਂ ਬਣੇ ਪਿੰਡ ਦਸਮੇਸ਼ ਨਗਰ ਕਾਲੋਨੀ ਦੇ ਵਸਨੀਕਾਂ ਨੇ ਡੀਸੀ ਰੂਪਨਗਰ ਰਾਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖਤੀ ਮੰਗ ਪੱਤਰ ਭੇਜ ਕੇ ਆਪਣੇ ਘਰਾਂ ਅੱਗੇ ਖੜ੍ਹੇ ਪੌਦਿਆਂ ਨੂੰ ਪੰਚਾਇਤੀ ਕਹਿਰ ਤੋਂ ਬਚਾਉਣ ਦੀ ਫਰਿਆਦ ਕੀਤੀ ਹੈ। ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਪੰਚਾਇਤ ਮੈਂਬਰ ਸਤਬਚਨ ਸਿੰਘ, ਮੰਗਤ ਸਿੰਘ, ਐਡਵੋਕੇਟ ਹਰਨੇਕ ਸਿੰਘ ਮੁੰਡੀ, ਸੂਬੇਦਾਰ ਅਮਰੀਕ ਸਿੰਘ, ਸਾਬਕਾ ਸਰਪੰਚ ਸਮਸ਼ੇਰ ਸਿੰਘ ਪੱਪੂ ਆਦਿ ਨੇ ਦੋਸ਼ ਲਾਇਆ ਕਿ ਪੰਚਾਇਤ ਵੱਲੋਂ ਕਿਸੇ ਵੀ ਮਹਿਕਮੇ ਤੋਂ ਮਨਜ਼ੂਰੀ ਜਾਂ ਸਬੰਧਤ ਘਰਾਂ ਦੇ ਵਸਨੀਕਾਂ ਤੋਂ ਸਹਿਮਤੀ ਲਏ ਤੋਂ ਬਿਨਾਂ ਹੀ ਗਲੀਆਂ ਬਣਾਉਣ ਵੇਲੇ ਗਲੀਆਂ ’ਚੋਂ ਦਰੱਖਤਾਂ ਨੂੰ ਕੱਟ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਨਵੀਆਂ ਗਲੀਆਂ ਬਣਾਉਣ ਵੇਲੇ ਗਲੀਆਂ ਦੇ ਲੈਵਲ ਵੀ ਸਹੀ ਨਹੀਂ ਬਣਾਏ ਗਏ। ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਵੀ ਇੰਟਰਲਾਕਿੰਗ ਕਰਦਿਆਂ ਗਲੀਆਂ ਦੇ ਵਿੱਚ ਹੀ ਦੱਬ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਦਰੱਖਤਾਂ ਦਾ ਉਜਾੜਾ ਰੋਕਿਆ ਜਾਵੇੇ। ਦੂਜੇ ਪਾਸੇ ਸਰਪੰਚ ਬਲਜੀਤ ਸਿੰਘ ਨੇ ਖ਼ੁਦ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।