ਪੱਤਰ ਪ੍ਰੇਰਕ
ਮਹਿਲ ਕਲਾਂ/ਭਵਾਨੀਗੜ੍ਹ, 11 ਜੂਨ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਸਿੱਧੂ ਮੂਸੇਵਾਲ ਦੇ ਕਾਤਲਾਂ ਸਬੰਧੀ ਗੱਲ ਕਰਨ ਗਏ ਸਨ ਪਰ ਮੁੱਖ ਮੰਤਰੀ ਉਨ੍ਹਾਂ ਨੂੰ ਮਿਲੇ ਹੀ ਨਹੀਂ। ਉਨ੍ਹਾਂ ਆਖਿਆ ਕਿ ਨਾ ਹੀ ਉਨ੍ਹਾਂ ਦੀ ਚਿੱਠੀ ਫੜੀ ਗਈ ਬਲਕਿ ਮੁੱਖ ਮੰਤਰੀ ਦੀ ਰਿਹਾਇਸ਼ ਜਾਣ ’ਤੇ ਵੀ ਪਰਚਾ ਦਰਜ ਕਰਵਾ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਵਿੱਚ ‘ਹੰਕਾਰ’ ਬੋਲਦਾ ਹੈ। ਸ੍ਰੀ ਵੜਿੰਗ ਨੇ ਆਖਿਆ ਕਿ ਮੁੱਖ ਮੰਤਰੀ ਨੇ ਟਵੀਟ ਰਾਹੀਂ ਝੂਠ ਬੋਲਿਆ ਕਿ ਕਾਂਗਰਸੀ ਆਗੂ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਆਏ ਸਨ। ਵੜਿੰਗ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਸਨ। ਉਨ੍ਹਾਂ ਮਹਿਲ ਕਲਾਂ ਦੀ ਸਾਬਕਾ ਕਾਂਗਰਸੀ ਵਿਧਾਇਕਾ ਦਾ ਬਗੈਰ ਨਾਮ ਲਏ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਛੇ ਚੋਣਾਂ ਲੜਾਈਆਂ ਪਰ ਉਨ੍ਹਾਂ ਸਿਰਫ਼ ਆਪਣਾ ਤੇ ਆਪਣੇ ਪਰਿਵਾਰ ਦਾ ਹੀ ਸੋਚਿਆ, ਵਰਕਰਾਂ ਦੀ ਲੜਾਈ ਨਹੀਂ ਲੜੀ। ਭਵਾਨੀਗੜ੍ਹ ਵਿੱਚ ਅੱਜ ਅਨਾਜ ਮੰਡੀ ਵਿੱਚ ਦਲਵੀਰ ਸਿੰਘ ਗੋਲਡੀ ਦੇ ਸਬ-ਡਿਵੀਜ਼ਨ ਪੱਧਰ ਦੇ ਦਫ਼ਤਰ ਦਾ ਉਦਘਾਟਨ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਅਕਾਲੀ ਦਲ ਅਤੇ ਮਾਨ ਦਲ ਪੰਜਾਬ ਵਿੱਚ ਇਕ ਵਾਰ ਫਿਰ ਮਾਹੌਲ ਖਰਾਬ ਕਰਨ ਲੱਗੇ ਹਨ। ਇਸ ਮੌਕੇ ਵਰਿੰਦਰ ਕੁਮਾਰ ਪੰਨਵਾਂ, ਪ੍ਰਦੀਪ ਕੁਮਾਰ ਕੱਦ ਹਾਜ਼ਰ ਸਨ।
ਪਾਰਟੀ ਦਾ ਨੁਕਸਾਨ ਕਰਨ ਵਾਲਿਆਂ ਦੀਆਂ ਸੂਚੀਆਂ ਮੰਗੀਆਂ
ਭਦੌੜ (ਪੱਤਰ ਪ੍ਰੇਰਕ): ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਕੋਈ ਹਲਕਾ ਇੰਚਾਰਜ ਨਹੀਂ ਹੈ, ਅੱਜ ਤੋਂ ਉਹ ਖੁਦ ਇੰਚਾਰਜ ਹਨ ਤੇ ਜੋ ਵੀ ਦਲਵੀਰ ਸਿੰਘ ਗੋਲਡੀ ਦੀ ਚੋਣ ਵਿੱਚ ਮੂਹਰੇ ਹੋ ਕੇ ਕੰਮ ਕਰੇਗਾ ਉਸ ਨੂੰ ਕਾਂਗਰਸ ਪਾਰਟੀ ਅੱਗੇ ਲੈ ਕੇ ਆਵੇਗੀ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਪਾਰਟੀ ਦਾ ਨੁਕਸਾਨ ਕਰਨ ਵਾਲਿਆਂ ਦੀ ਸੂਚੀ ਦਿਓ ਚਾਹੇ ਕੋਈ ਚੇਅਰਮੈਨ ਹੋਵੇ ਜਾਂ ਉਹਦਾ ਪੁੱਤਰ ਹੋਵੇ। ਪਾਰਟੀ ਵਿੱਚ ਅਨੁਸਾਸ਼ਨ ਭੰਗ ਨਹੀਂ ਹੋਣ ਦਿੱਤਾ ਜਾਵੇਗਾ।