ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਦਸੰਬਰ
ਪੰਜਾਬ ਦੇ ਮਸ਼ਹੂਰ ਲੋਕ ਗਾਇਕ ਪੰਮੀ ਬਾਈ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣਾ ਕੌਮੀ ਅਵਾਰਡ ਵਾਪਸ ਕਰਨ ਦਾ ਐਲਾਨ ਕੀਤਾ। ਅੱਜ ਦਿੱਲੀ ਦੇ ਟਿੱਕਰੀ ਅਤੇ ਸਿੰਘੂ ਬਾਰਡਰ ’ਤੇ ਕਿਸਾਨ ਇਕੱਠ ਨੂੰ ਸੰਬੋਧਨ ਕਰਦਿਆਂ ਪੰਮੀ ਬਾਈ ਨੇ ਕੇਂਦਰ ਸਰਕਾਰ ਵੱਲੋਂ ਸਾਲ 2015 ਵਿਚ ਦਿੱਤੇ ਕੌਮੀ ਐਵਾਰਡ ਨੂੰ ਅੱਜ ਵਾਪਸ ਕਰਨ ਦਾ ਫ਼ੈਸਲਾ ਸੁਣਾਇਆ। ਲੋਕ ਗਾਇਕ ਪੰਮੀ ਬਾਈ ਨੇ ਕਿਹਾ ਕਿ ਉਹ ਪਹਿਲਾਂ ਕਿਸਾਨ ਦੇ ਪੁੱਤ ਤੇ ਮਗਰੋਂ ਕਲਾਕਾਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਲਿਆ ਕੇ ਅੰਨਦਾਤੇ ਦੀ ਹੋਂਦ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਮੁਜ਼ਾਰਾ ਲਹਿਰ ਦੇ ਮੋਹਰੀ ਰਹੇ ਪਿਤਾ ਪ੍ਰਤਾਪ ਸਿੰਘ ਬਾਗੀ ਦੇ ਸਪੁੱਤਰ ਹੈ ਅਤੇ ਕਿਸਾਨੀ ਘੋਲ ਦੀ ਗੁੜਤੀ ਪਰਿਵਾਰ ’ਚੋਂ ਮਿਲੀ ਹੈ।