ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਹਜ਼ਾਰਾਂ ਕਿਸਾਨ ਅੱਜ 18ਵੇਂ ਦਿਨ ਪੱਕੇ ਮੋਰਚੇ ਅਤੇ 7ਵੇਂ ਦਿਨ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਦਾ ਘਿਰਾਓ ਕਰਕੇ ਡਟੇ ਰਹੇ ਅਤੇ ਪੰਜਾਬ ਸਰਕਾਰ ਦੀ ਚੁੱਪ ਖ਼ਿਲਾਫ਼ ਗਰਜਦੇ ਰਹੇ। ਉਧਰ ਪੱਕੇ ਮੋਰਚੇ ਦੌਰਾਨ ਜਾਨ ਗੁਆਉਣ ਵਾਲੇ ਦੋਵੇਂ ਕਿਸਾਨਾਂ ਦਾ ਅੱਜ ਕ੍ਰਮਵਾਰ 9ਵੇਂ ਅਤੇ 6ਵੇਂ ਦਿਨ ਵੀ ਅੰਤਿਮ ਸਸਕਾਰ ਨਹੀਂ ਹੋਇਆ। ਬੁਲਾਰਿਆਂ ਨੇ 29 ਅਕਤੂਬਰ ਨੂੰ ਵੱਡਾ ਇਕੱਠਾ ਕਰਕੇ ਸਰਕਾਰ ਦੀ ਚੁੱਪ ਤੋੜਨ ਲਈ ਕਿਸਾਨ-ਮਜ਼ਦੂਰਾਂ ਨੂੰ ਪਰਿਵਾਰਾਂ ਸਮੇਤ ਪੱਕੇ ਮੋਰਚੇ ਵਿਚ ਵਹੀਰਾਂ ਘੱਤ ਕੇ ਪੁੱਜਣ ਦਾ ਸੱਦਾ ਦਿੱਤਾ ਹੈ।
ਅੱਜ ਭਰਵੇਂ ਇਕੱਠ ਨੂੰ ਯੂਨੀਅਨ ਦੇ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਜਨਕ ਸਿੰਘ ਭੂਟਾਲ, ਜਗਤਾਰ ਸਿੰਘ ਕਾਲਾਝਾੜ, ਰੂਪ ਸਿੰਘ ਛੰਨਾਂ, ਬਸੰਤ ਸਿੰਘ ਕੋਠਾ ਗੁੁਰੂ, ਬਿੱਟੂ ਮੱਲਣ ਗਿੱਦੜਬਾਹਾ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਲੋਂ ਹੀ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਪਾਸਾ ਵੱਟ ਰਿਹਾ ਹੈ ਅਤੇ 18 ਦਿਨਾਂ ਤੋਂ ਕਿਸਾਨ ਸੜਕ ਕਿਨਾਰੇ ਪੱਕੇ ਮੋਰਚੇ ’ਤੇ ਬੈਠੇ ਹਨ ਜਿਨ੍ਹਾਂ ’ਚੋਂ ਕਿਸਾਨ ਦੋ ਆਪਣੀ ਜਾਨ ਵੀ ਸੰਘਰਸ਼ ਦੇ ਲੇਖੇ ਲਾ ਗਏ ਹਨ ਪਰੰਤੂ ਸਰਕਾਰ ਨੇ ਲਗਾਤਾਰ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭੁਲੇਖਾ ਹੈ ਕਿ ਉਸਦੇ ਚੁੱਪ ਵੱਟਣ ਨਾਲ ਕਿਸਾਨ ਸੰਘਰਸ਼ ਨੂੰ ਢਾਹ ਲਗਾ ਲਵਾਂਗੇ ਪਰੰਤੂ ਜਿਉਂ ਜਿਉਂ ਸਰਕਾਰ ਸੰਘਰਸ਼ ਨੂੰ ਢਾਹ ਲਾਉਣ ਲਈ ਯਤਨ ਕਰੇਗੀ ਜਾਂ ਨੀਤੀ ਅਪਣਾਏਗੀ, ਤਿਉਂ ਤਿਉਂ ਹੀ ਕਿਸਾਨਾਂ ਵਿਚ ਰੋਸ ਵਧਦਾ ਜਾਵੇਗਾ ਅਤੇ ਸੰਘਰਸ਼ ਦਿਨੋਂ ਦਿਨ ਤਿੱਖਾ ਹੁੰਦਾ ਜਾਵੇਗਾ। ਉਨ੍ਹਾਂ ਕਿਹਾ ਕਿ 17 ਅਕਤੂਬਰ ਨੂੰ ਕਿਸਾਨ ਗੁਰਚਰਨ ਸਿੰਘ ਪਿੰਡ ਬਖੋਰਾ ਕਲਾਂ ਦੀ ਸੱਪ ਦੇ ਡੰਗਣ ਨਾਲ ਜਦਕਿ 21 ਅਕਤੂਬਰ ਨੂੰ ਕਿਸਾਨ ਕਰਨੈਲ ਸਿੰਘ ਅਕੋਈ ਸਾਹਿਬ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਗੁਰਚਰਨ ਸਿੰਘ ਦੀ ਮ੍ਰਿਤਕ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਜਦਕਿ ਕਰਨੈਲ ਸਿੰਘ ਅਕੋਈ ਸਾਹਿਬ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਸੰਗਰੂਰ ਵਿਖੇ ਪਈ ਹੈ ਪਰੰਤੂ ਸਰਕਾਰ ਵੱਲੋਂ ਇਨ੍ਹਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ, ਨੌਕਰੀ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਬਾਰੇ ਖੇਸਲ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ਹੀਦ ਕਿਸਾਨਾਂ ਦੇ ਵਾਰਸਾਂ ਬਾਰੇ ਰੱਖੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਮੰਨੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਸਾਨ-ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ 29 ਅਕਤੂਬਰ ਨੂੰ ਪਰਿਵਾਰਾਂ ਸਮੇਤ ਪੱਕੇ ਮੋਰਚੇ ਵਿਚ ਵਹੀਰਾਂ ਘੱਤ ਕੇ ਪੁੱਜਣ ਤਾਂ ਜੋ ਖੇਸਲ ਮਾਰੀ ਬੈਠੀ ਸਰਕਾਰ ਨੂੰ ਜਗਾਇਆ ਜਾ ਸਕੇ। ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਵਾਲੀ ਸੜਕ ’ਤੇ ਦੂਰ ਦੂਰ ਤੱਕ ਖੜ੍ਹੀਆਂ ਟਰਾਲੀਆਂ ਅਤੇ ਲਗਾਏ ਤੰਬੂ ਕਿਸਾਨਾਂ ਦੇ ਰੈਣ ਬਸੇਰਾ ਬਣੇ ਹੋਏ ਹਨ। ਦਿਨ ਵੇਲੇ ਵੱਡੀ ਤਾਦਾਦ ’ਚ ਕਿਸਾਨ ਬੀਬੀਆਂ ਪੱਕੇ ਮੋਰਚੇ ਵਿਚ ਸ਼ਾਮਲ ਹੋ ਕੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।