ਅਟਾਰੀ: ਭਾਰਤ-ਪਾਕਿਸਤਾਨ ਵਿਚਕਾਰ ਕੈਦੀਆਂ ਦੀ ਰਿਹਾਈ ਸਬੰਧੀ ਹੋਏ ਸਮਝੌਤੇ ਤਹਿਤ ਅੱਜ ਭਾਰਤ ਵੱਲੋਂ ਰਿਹਾਅ ਕੀਤੀ ਪਾਕਿਸਤਾਨੀ ਮਹਿਲਾ ਕੈਦੀ ਆਪਣੇ ਵਤਨ ਪਰਤੀ ਗਈ। ਉਸ ਨੂੰ ਸੀਮਾ ਸੁਰੱਖਿਆ ਬਲ ਦੇ ਡਿਪਟੀ ਕਮਾਂਡੈਂਟ ਸਤੀਸ਼ ਕੁਮਾਰ ਨੇ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨੀ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਰਾਣਾ ਆਬਿਦ ਦੇ ਹਵਾਲੇ ਕੀਤਾ। ਰਿਹਾਅ ਹੋਈ ਮਹਿਲਾ ਕੈਦੀ ਮਹਿਵਸ਼ ਅਸਲਮ ਪੁੱਤਰੀ ਨਦੀਮ ਮੁਹੰਮਦ ਵਾਸੀ 209 ਆਰਬੀ ਜਰਾਂਵਾਲਾ, ਫੈਸਲਾਬਾਦ ਪਾਕਿਸਤਾਨ ਨੇ ਅਟਾਰੀ ਸਰਹੱਦ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਭੋਪਾਲ ਵਿੱਚ ਆਪਣੇ ਕਿਸੇ ਜਾਣਕਾਰ ਕੋਲ ਰੁਕੀ ਸੀ। ਉਸ ਕੋਲ ਪਾਕਿਸਤਾਨੀ ਪਾਸਪੋਰਟ ਨਹੀਂ ਸੀ ਜਿਸ ’ਤੇ ਕਿਸੇ ਨੇ ਸ਼ਿਕਾਇਤ ਕੀਤੀ। ਇਸ ਦੌਰਾਨ ਸਥਾਨਕ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਉਸ ਨੇ ਦੱਸਿਆ ਕਿ ਅਦਾਲਤ ਨੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਕਰਨ ਉਪਰੰਤ ਉਹ ਅੱਜ ਵਾਪਸ ਵਤਨ ਪਰਤ ਰਹੀ ਹੈ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। -ਪੱਤਰ ਪ੍ਰੇਰਕ