ਪੱਤਰ ਪ੍ਰੇਰਕ
ਅਟਾਰੀ, 9 ਮਾਰਚ
ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਵੱਲੋਂ ਅੱਜ ਦੇਰ ਸ਼ਾਮ ਸਰਹੱਦੀ ਚੌਕੀ ਰਾਜਾਤਾਲ ਨੇੜੇ ਕਣਕ ਦੀ ਫ਼ਸਲ ਵਿੱਚ ਲੁਕੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ’ਤੇ ਸਰਹੱਦੀ ਚੌਕੀ ਰਾਜਾਤਾਲ ਨੇੜੇ ਮਨਾਹੀ ਵਾਲੇ ਖੇਤਰ ’ਚ ਬਾਰਡਰ ਪਿਲਰ 109/8-9 ਨੇੜੇ ਇੱਕ ਵਿਅਕਤੀ ਕਣਕ ਦੀ ਫ਼ਸਲ ਵਿੱਚ ਲੁਕਿਆ ਹੋਇਆ ਸੀ। ਸੀਮਾ ਸੁਰੱਖਿਆ ਬਲ ਦੇ ਜਵਾਨ ਵੱਲੋਂ ਲਗਾਤਾਰ ਉਸ ਨੂੰ ਭਾਰਤੀ ਖੇਤਰ ਵੱਲ ਵਧਦੇ ਹੋਏ ਦੇਖਿਆ। ਉਸ ਨੇ ਘੁਸਪੈਠੀਏ ਦਾ ਪਿੱਛਾ ਕੀਤਾ ਤੇ ਉਸ ਨੂੰ ਲਲਕਾਰਿਆ ਪਰ ਘੁਸਪੈਠੀਏ ਨੇ ਕੋਈ ਧਿਆਨ ਨਾ ਦਿੱਤਾ। ਉਸ ਨੇ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਕਰਦਿਆਂ ਉਸ ਵੱਲ ਗੋਲੀ ਚਲਾ ਦਿੱਤੀ ਤੇ ਘੁਸਪੈਠੀਆ ਢੇਰ ਹੋ ਗਿਆ। ਇਸ ਸਬੰਧੀ ਸੀਮਾ ਸੁਰੱਖਿਆ ਬਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ।