ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਸਤੰਬਰ
ਫ਼ਿਰੋਜ਼ਪੁਰ ਬਾਰਡਰ ਸਥਿਤ ਬੀਐੱਸਐੱਫ਼ ਦੀ ਸਤਪਾਲ ਚੌਕੀ ਨੇੜੇ ਅੱਜ ਸਵੇਰੇ ਬੀਐੱਸਐੱਫ਼ ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਆ ਕਾਬੂ ਕੀਤਾ ਹੈ। ਹਾਲਾਂਕਿ ਉਸ ਕੋਲੋਂ ਕੋਈ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ ਹੈ। ਇਸ ਘੁਸਪੈਠੀਏ ਦੀ ਪਛਾਣ ਮੁਹੰਮਦ ਤਾਰਿਕ ਪੁੱਤਰ ਮੁਹੰਮਦ ਵਾਸੀ ਪਿੰਡ ਖਵਾਨ ਤਹਿਸੀਲ ਕਮਾਲੀਆ ਜ਼ਿਲ੍ਹਾ ਟੋਭਾ ਟੇਕ ਸਿੰਘ, ਪਾਕਿਸਤਾਨ ਵਜੋਂ ਹੋਈ ਹੈ। 136 ਬਟਾਲੀਅਨ ਦੇ ਜਾਟ ਕੰਪਨੀ ਕਮਾਂਡਰ ਬੰਸੀ ਲਾਲ ਨੇ ਦੱਸਿਆ ਕਿ ਇਹ ਪਾਕਿਸਤਾਨੀ ਘੁਸਪੈਠੀਆ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਰਿਹਾ ਸੀ, ਜਿਸ ਨੂੰ ਡਿਊਟੀ ’ਤੇ ਤਾਇਨਾਤ ਬੀਐੱਸਐੱਫ਼ ਦੇ ਜਵਾਨਾਂ ਨੇ ਕਾਬੂ ਕਰ ਲਿਆ। ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚੋਂ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ ਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।