ਭਿੱਖੀਵਿੰਡ (ਪੱਤਰ ਪ੍ਰੇਰਕ ): ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿੱਚ ਬੀਐੱਸਐਫ਼ ਦੀ ਚੌਕੀ ਬੀਓਪੀ ਵਾਂ ਨੇੜੇ ਬੀਤੀ ਰਾਤ ਇਕ ਪਾਕਿਸਤਾਨੀ ਡਰੋਨ ਡਿੱਗ ਪਿਆ। ਬੀਐੱਸਐੱਫ ਦੀ 103 ਬਟਾਲੀਅਨ ਨੇ ਡਰੋਨ ਕਬਜ਼ੇ ’ਚ ਲੈ ਕੇ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈੈ। ਆਈਜੀ ਬੀਐੱਸਐੱਫ ਸੋਨਾਲੀ ਮਿਸ਼ਰਾ ਨੇ ਦੱਸਿਆ ਕਿ ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ ਤੋਂ 400 ਮੀਟਰ ਅਤੇ ਕੰਡਿਆਲੀ ਤਾਰ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਡਰੋਨ ਆ ਡਿੱਗਿਆ। ਸੂਚਨਾ ਮਿਲਣ ’ਤੇ ਬੀਐੱਸਐੱਫ ਦੀ 103 ਬਟਾਲੀਅਨ ਨੇ ਘੇਰਾਬੰਦੀ ਕਰ ਲਈ। ਇਹ ਦੁਬਾਰਾ ਜਦੋਂ ਉੱਡਣ ਲੱਗਾ ਤਾਂ ਬੀਐੱਸਐਫ਼ ਦੇ ਜਵਾਨਾਂ ਨੇ ਇਸ ਦੇ ਪਰ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ ਇਹ ਹੈਕਸਾਕਾਪਟਰ ਡਰੋਨ ਹੈ, ਜੋ ਚੀਨ ਦਾ ਬਣਿਆ ਹੈ। ਉਨ੍ਹਾਂ ਇਸ ਨੂੰ ਅਤਿਵਾਦੀ ਗਤੀਵਿਧੀ ਨਾਲ ਜੋੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤਿਆ ਜਾ ਸਕਦਾ ਹੈ। ਇਸ ਸਬੰਧੀ ਇਲਾਕੇ ਵਿੱਚ ਖੋਜ ਮੁਹਿੰਮ ਚਲਾਈ ਗਈ ਪਰ ਕੁਝ ਨਹੀਂ ਮਿਲਿਆ।