ਦਿਲਬਾਗ ਸਿੰਘ ਗਿੱਲ
ਅਟਾਰੀ, 29 ਮਈ
ਸਿੰਧੂ ਜਲ ਕਮਿਸ਼ਨ ਤਹਿਤ ਨਵੀਂ ਦਿੱਲੀ ਵਿਚ ਹੋਣ ਵਾਲੀ ਦੋ ਦਿਨਾ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਅੱਜ ਪਾਕਿਸਤਾਨ ਤੋਂ ਵਾਟਰ ਰਿਸੋਰਸ ਮੈਨੇਜਮੈਂਟ ਦੇ ਅਧਿਕਾਰੀਆਂ ਦਾ ਪੰਜ ਮੈਂਬਰੀ ਵਫ਼ਦ ਸਈਅਦ ਮੁਹੰਮਦ ਮਿਹਰ ਅਲੀ ਸ਼ਾਹ ਦੀ ਅਗਵਾਈ ਹੇਠ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ। ਵਫ਼ਦ ਦੇ ਅਟਾਰੀ ਸਰਹੱਦ ਪਹੁੰਚਣ ’ਤੇ ਵਾਟਰ ਰਿਸੋਰਸ ਮੈਨੇਜਮੈਂਟ ਦੇ ਡਾਇਰੈਕਟਰ ਰਾਜਬੀਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਨਵੀਂ ਦਿੱਲੀ ਵਿੱਚ ਸਿੰਧੂ ਜਲ ਕਮਿਸ਼ਨ ਤਹਿਤ 30-31 ਮਈ ਨੂੰ ਹੋਣ ਵਾਲੀ ਮੀਟੰਗ ਦੌਰਾਨ ਪਾਣੀਆਂ ਦੀ ਵੰਡ ਦੇ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਪਾਕਿਸਤਾਨੀ ਅਧਿਕਾਰੀਆਂ ਦੇ ਵਫ਼ਦ ਵਿੱਚ ਸਈਅਦ ਮੁਹੰਮਦ ਮਿਹਰ ਅਲੀ ਸ਼ਾਹ, ਸਾਹਿਬਜ਼ਾਦਾ ਖਾਨ, ਹਬੀਬ ਉਲ ਬੋਦਲਾ, ਖਾਲਿਦ ਮਹਿਮੂਦ ਅਤੇ ਸਰਮਨ ਮੁਨੀਬ ਸ਼ਾਮਿਲ ਸਨ। ਇਸ ਮੌਕੇ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਪ੍ਰੋਟੋਕੋਲ ਅਫਸਰ ਅਰੁਣ ਮਾਹਲ ਵੀ ਹਾਜ਼ਰ ਸਨ। ਸੰਗਠਿਤ ਚੈੱਕ ਪੋਸਟ ਅਟਾਰੀ ਵਿੱਚ ਕਸਟਮ ਤੇ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਮਗਰੋਂ ਪਾਕਿਸਤਾਨੀ ਵਫ਼ਦ ਅਟਾਰੀ ਤੋਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਅੰਮ੍ਰਿਤਸਰ ਪੁੱਜਿਆ ਜਿੱਥੋਂ ਹਵਾਈ ਮਾਰਗ ਰਾਹੀਂ ਦਿੱਲੀ ਗਿਆ।