ਦਿਲਬਾਗ ਸਿੰਘ ਗਿੱਲ
ਅਟਾਰੀ, 22 ਅਗਸਤ
ਪਾਕਿਸਤਾਨ ਸਰਕਾਰ ਵੱਲੋਂ ਕੋਟ ਲੱਖਪਤ ਜੇਲ੍ਹ ਲਾਹੌਰ ਤੋਂ ਰਿਹਾਅ ਕੀਤੇ ਗਏ ਦੋ ਭਾਰਤੀ ਕੈਦੀ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪੁੱਜੇ। ਵਾਹਗਾ-ਅਟਾਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਜ਼ ਦੇ ਅਧਿਕਾਰੀਆਂ ਨੇ ਕੈਦੀਆਂ ਨੂੰ ਭਾਰਤੀ ਸੀਮਾ ਸੁਰੱਖਿਆ ਬਲ ਦੇ ਹਵਾਲੇ ਕੀਤਾ। ਕੈਦੀ ਕੁਲਦੀਪ ਕੁਮਾਰ ਅਤੇ ਸ਼ੰਭੂ ਨਾਥ ਨੇ ਦੱਸਿਆ ਕਿ ਲੰਮੀਆਂ ਸਜ਼ਾਵਾਂ ਕੱਟਣ ਦੇ ਬਾਵਜੂਦ 14 ਭਾਰਤੀ ਕੈਦੀ ਅੱਜ ਵੀ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿੱਚ ਬੰਦ ਹਨ, ਜਿੱਥੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਥਿਤ ਇਸਲਾਮਾਬਾਦ ਵਿਚਲੇ ਭਾਰਤੀ ਦੂਤਾਵਾਸ ਦੇ ਅਧਿਕਾਰੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਭਾਰਤੀ ਕੈਦੀਆਂ ਨੂੰ ਛੁਡਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਉਹ 32 ਸਾਲ ਅਤੇ 11 ਸਾਲ ਤੱਕ ਸਜ਼ਾ ਕੱਟਣ ਮਗਰੋਂ ਵਤਨ ਪਰਤੇ ਹਨ। ਜ਼ਿਕਰਯੋਗ ਹੈ ਕਿ ਇਹ ਦੋਵੇਂ ਭਾਰਤੀ ਕੈਦੀ ਜਾਸੂਸੀ ਦੇ ਕੇਸ ਵਿੱਚ ਸਜ਼ਾ ਭੁਗਤ ਕੇ ਦੇਸ਼ ਪਰਤੇ ਹਨ। ਇਨ੍ਹਾਂ ਕੈਦੀਆਂ ਵਿੱਚੋਂ ਇੱਕ ਜੰਮੂ ਦਾ ਅਤੇ ਦੂਜਾ ਗੁਜਰਾਤ ਦਾ ਵਸਨੀਕ ਹੈ।