ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਦਸੰਬਰ
ਸਰਹੱਦ ’ਤੇ ਘੁਸਪੈਠ ਕਰਦਿਆਂ ਬੀਤੇ ਦਿਨੀਂ ਬੀਐੱਸਐੱਫ ਦੀ ਗੋਲੀਬਾਰੀ ਨਾਲ ਮਾਰੇ ਗਏ ਦੋ ਘੁਸਪੈਠੀਆਂ ਦੀਆਂ ਲਾਸ਼ਾਂ ਨੂੰ ਪਾਕਿਸਤਾਨ ਨੇ ਲੈਣ ਤੋਂ ਨਾਂਹ ਕਰ ਦਿੱਤੀ ਹੈ। ਇਸ ਦਾ ਖੁਲਾਸਾ ਬੀਐੱਸਐੱਫ ਦੇ ਇਕ ਸੀਨੀਅਰ ਅਧਿਕਾਰੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਰੇ ਗਏ ਵਿਅਕਤੀਆਂ ਦੇ ਪਾਕਿਸਤਾਨੀ ਹੋਣ ਤੋਂ ਵੀ ਇਨਕਾਰ ਕੀਤਾ ਹੈ। ਹੁਣ ਇਨ੍ਹਾਂ ਲਾਸ਼ਾਂ ਨੂੰ ਇਧਰ ਹੀ ਦਫ਼ਨਾਇਆ ਜਾਵੇਗਾ। ਦੱਸਣਯੋਗ ਹੈ ਕਿ 16-17 ਦਸੰਬਰ ਦੀ ਦਰਮਿਆਨੀ ਰਾਤ ਨੂੰ ਬੀਐੱਸਐੱਫ ਨੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵਿੱਚ ਘੁਸਪੈਠ ਕਰ ਰਹੇ ਦੋ ਘੁਸਪੈਠੀਆਂ ਨੂੰ ਬੀਓਪੀ ਰਾਜਾਤਾਲ ਨੇੜੇ ਹਲਾਕ ਕਰ ਦਿੱਤਾ ਸੀ, ਜਿਨ੍ਹਾਂ ਕੋਲੋਂ ਭਾਰੀ ਅਸਲਾ ਬਰਾਮਦ ਹੋਇਆ ਸੀ। ਇਨ੍ਹਾਂ ਕੋਲੋਂ ਪਾਕਿਸਤਾਨ ਦੀ 30 ਰੁਪਏ ਦੀ ਕਰੰਸੀ ਤੇ ਪੀਵੀਸੀ ਪਾਈਪਾਂ ਆਦਿ ਵੀ ਬਰਾਮਦ ਹੋਈਆਂ ਸਨ।