ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ/ਅਟਾਰੀ .7 ਅਪਰੈਲ
ਭਾਰਤ-ਪਾਕਿ ਸਰਹੱਦ ’ਤੇ ਸਥਿਤ ਸਰਹੱਦੀ ਚੌਕੀ ਕਕੜ ਨੇੜੇ ਬੀਐੱਸਐੱਫ ਅਤੇ ਪੰਜਾਬ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਇਕ ਪਾਕਿਸਤਾਨੀ ਤਸਕਰ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਘਟਨਾ ਸਥਾਨ ਨੇੜਿਓਂ 22 ਪੈਕੇਟ ਹੈਰੋਇਨ. ਦੋ ਏਕੇ 47 ਰਾਈਫਲ, ਕੁਝ ਕਾਰਤੂਸ, ਮੋਬਾਈਨ ਫੋਨ ਤੇ ਪਾਕਿਸਤਾਨੀ ਕਰੰਸੀ ਸਮੇਤ ਹੋਰ ਸਾਮਾਨ ਬਰਾਮਦ ਹੋਇਆ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਇਹ ਕਾਰਵਾਈ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਤਸਕਰੀ ਦੇ ਇਸ ਧੰਦੇ ਨਾਲ ਸਬੰਧਤ ਦੋ ਭਾਰਤੀ ਵਿਅਕਤੀਆਂ ਦੇ ਵੀ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪਛਾਣ ਜਗਦੀਸ਼ ਭੂਰਾ ਅਤੇ ਜਸਪਾਲ ਸਿੰਘ ਵਾਸੀ ਗੁਰਦਾਸਪੁਰ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿੱਚੋਂ ਜਗਦੀਸ਼ ਬੈਲਜੀਅਮ ਵਿੱਚ ਹੈ ਅਤੇ ਉਸ ਦੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਹਨ। ਉਹ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦੂਜੇ ਵਿਅਕਤੀ ਦੇ ਵੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਸਬੰਧ ਹਨ। ਉਹ ਪਾਕਿਸਤਾਨੀ ਤਸਕਰਾਂ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਦਾ ਹੈ।