ਨਵੀਂ ਦਿੱਲੀ: ਭਾਰਤ ਨੇ ਅੱਜ ਪਾਕਿਸਤਾਨ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਤਲਬ ਕਰਕੇ ਇਕ ਪਾਕਿਸਤਾਨੀ ਮਾਡਲ ਵੱਲੋਂ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿੱਚ ‘ਨੰਗੇ ਸਿਰ’ ਫੋਟੋਸ਼ੂਟ ਕਰਵਾਉਣ ਦੇ ਮਾਮਲੇ ਵਿੱਚ ਉਜਰ ਜਤਾਇਆ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨੀ ਮਾਡਲ ਦੀ ਇਹ ਕਾਰਵਾਈ ਇਕ ਮੁਕੱਦਸ ਥਾਂ ਦੀ ਬੇਅਦਬੀ ਕਰਨ ਦੇ ਬਰਾਬਰ ਹੈ। ਭਾਰਤ ਨੇ ਇਸ ਘਟਨਾ ਨੂੰ ਨਿੰਦਨਯੋਗ ਕਰਾਰ ਦਿੰਦਿਆਂ ਕਿਹਾ ਕਿ ਉਹ ਆਸ ਜਤਾਉਂਦੇ ਹਨ ਕਿ ਪਾਕਿਸਤਾਨੀ ਅਥਾਰਿਟੀਜ਼ ਇਸ ਪੂਰੇ ਵਾਕੀਏ ਦੀ ‘ਸੰਜੀਦਗੀ ਨਾਲ ਤਫਤੀਸ਼’ ਕਰਨਗੇ ਤੇ ਸਬੰਧਤਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਾਕਿ ਮਾਡਲ ਸੌਲੇਹਾ ਲੰਘੇ ਦਿਨ ਸੋਸ਼ਲ ਮੀਡੀਆ ’ਤੇ ਕੱਪੜਿਆਂ ਦੇ ਇਕ ਬਰਾਂਡ ਲਈ ਗੁਰਦੁਆਰਾ ਦਰਬਾਰ ਸਾਹਿਬ ਵਿਚ ‘ਨੰਗੇ ਸਿਰ’ ਫੋਟੋਸ਼ੂਟ ਕਰਦੀ ਨਜ਼ਰ ਆਈ ਸੀ। -ਪੀਟੀਆਈ