ਪਾਲ ਸਿੰਘ ਨੌਲੀ
ਜਲੰਧਰ, 28 ਜਨਵਰੀ
ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬਲਬੀਰ ਰਾਣੀ ਸੋਢੀ ਨੇ ਔਰਤਾਂ ਨੂੰ ਟਿਕਟਾਂ ਘੱਟ ਦੇਣ ’ਤੇ ਗਿਲਾ ਕਰਦਿਆਂ ਕਿਹਾ ਕਿ ਕਈ ਅਜਿਹੀਆਂ ਔਰਤ ਆਗੂ ਵੀ ਹਨ, ਜਿਹੜੀਆਂ ਆਪਣੇ ਵਿਰੋਧੀਆਂ ਕੋਲੋਂ ਬੜੇ ਥੋੜ੍ਹੇ ਫਰਕ ਨਾਲ ਹਾਰੀਆਂ ਸਨ ਪਰ ਕਾਂਗਰਸ ਹਾਈ ਕਮਾਂਡ ਨੇ ਇਸ ਵਾਰ ਉਨ੍ਹਾਂ ਦੀਆਂ ਟਿਕਟਾਂ ਵੀ ਕੱਟ ਦਿੱਤੀਆਂ। ਰਾਣੀ ਸੋਢੀ ਨੇ ਕਿਹਾ ਕਿ ਬਰਨਾਲਾ ਤੋਂ ਸੁਖਜੀਤ ਸੁੱਖੀ ਟਿਕਟ ਮੰਗ ਰਹੀ ਹੈ ਪਰ ਉਸ ਨੂੰ ਟਿਕਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਹਮੇਸ਼ਾ ਯੂਥ ਕਾਂਗਰਸ ਦੇ ਕੋਟੇ ਨੂੰ ਟਿਕਟਾਂ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਪ੍ਰਿਯੰਕਾ ਗਾਂਧੀ ‘ਲੜਕੀ ਹੂੰ-ਲੜ ਸਕਤੀ ਹੂੰ’ ਦਾ ਨਾਅਰਾ ਲਾ ਰਹੇ ਹਨ ਤੇ ਉਨ੍ਹਾਂ ਦੇ ਇਸੇ ਨਾਅਰੇ ਨੇ ਹੀ ਕਾਂਗਰਸ ਨੂੰ ਮਜ਼ਬੂਤੀ ਬਖਸ਼ੀ ਹੈ। ਸਾਹਨੇਵਾਲ ਤੋਂ 2017 ਵਿਚ ਚੋਣ ਲੜਨ ਵਾਲੀ ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ। ਇਕ ਇੰਟਰਵਿਊ ਦੌਰਾਨ ਬਿੱਟੀ ਨੇ ਕਿਹਾ ਕਿ ਉਹ ਪਿਛਲੇ ਛੇ ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੀ ਹੈ। ਬਿੱਟੀ ਨੇ ਕਿਹਾ ਕਿ ਜਿਹੜੀਆਂ ਔਰਤਾਂ ਸਿਆਸਤ ਵਿੱਚ ਹਨ ਵੀ, ਉਨ੍ਹਾਂ ਨਾਲ ਵੀ ਧੱਕਾ ਹੋ ਰਿਹਾ ਹੈ। ਜਲੰਧਰ ਦੀ ਮਹਿਲਾ ਕਾਂਗਰਸ ਪ੍ਰਧਾਨ ਡਾ. ਜਸਲੀਨ ਸੇਠੀ ਵੀ ਜਲੰਧਰ ਕੇਂਦਰੀ ਤੋਂ ਟਿਕਟ ਮੰਗ ਰਹੀ ਸੀ ਪਰ ਪਾਰਟੀ ਨੇ ਇਸ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਨੂੰ ਮੁੜ ਟਿਕਟ ਦੇ ਦਿੱਤੀ ਹੈ। ਮੋਗਾ ਤੋਂ ਪਰਪ੍ਰੀਤ ਕੌਰ ਬਰਾੜ ਨੇ ਕਾਂਗਰਸ ਹਾਈਕਮਾਂਡ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕਦਿਆਂ ਕਿਹਾ ਕਿ ਇਸ ਹਲਕੇ ਤੋਂ ਫਿਲਮੀ ਅਦਾਕਾਰ ਸੋਨੂ ਸੂਦ ਦੀ ਭੈਣ ਨੂੰ ਟਿਕਟ ਦਿੱਤੀ ਗਈ ਹੈ। ਸੁਨਾਮ ਤੋਂ ਦਮਨ ਬਾਜਵਾ ਨੂੰ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ। 2017 ਵਿਚ ਉਹ ਵੀ ਆਪਣੇ ਵਿਰੋਧੀ ਉਮੀਦਵਾਰ ਤੋਂ ਬਹੁਤ ਥੋੜ੍ਹੀਆਂ ਵੋਟਾਂ ਨਾਲ ਹਾਰੀ ਸੀ।