ਲੰਬੀ (ਇਕਬਾਲ ਸਿੰਘ ਸ਼ਾਂਤ):
ਐੱਮਐੱਸਪੀ ‘ਖਾਣ’ ਦੇ ਚੱਕਰ ਵਿੱਚ ਪੰਜਾਬ ਦੀਆਂ ਮੰਡੀਆਂ ਵਿੱਚ ਰੁਲਦੇ ਝੋਨੇ ਨੂੰ ਦਰਕਿਨਾਰ ਕਰਕੇ ਮੱਧ ਪ੍ਰਦੇਸ਼ ਦੇ ਮੰਗਵਾਏ ਜਾ ਰਹੇ ਝੋਨੇ ਦਾ ਕਿਸਾਨਾਂ ਨੇ ਗਿਅਰ ਅੜਾ ਦਿੱਤਾ ਹੈ। ਕਿਸਾਨਾਂ ਦੇ ਤਿੱਖੇ ਰੋਹ ਕਰਕੇ ਅੱਜ ਪੁਲੀਸ-ਪ੍ਰਸ਼ਾਸਨ ਨੇ ਪੰਜਾਬ-ਹਰਿਆਣਾ ਸਰਹੱਦ ’ਤੇ ਝੋਨੇ ਦੇ ਲੱਦੇ ਟਰੱਕ ਰੋਕ ਲਏ ਹਨ। ਮੱਧ ਪ੍ਰਦੇਸ਼, ਗੁਜਰਾਤ ਅਤੇ ਉੱਤਰ ਪ੍ਰਦੇਸ਼ ਆਦਿ ਤੋਂ ਆਏ ਇਹ ਟਰੱਕ ਜਲਾਲਾਬਾਦ, ਫਾਜ਼ਿਲਕਾ ਦੇ ਸ਼ੈਲਰਾਂ ਵਿੱਚ ਲਿਜਾਏ ਜਾਣੇ ਸਨ। ਮੰਡੀ ਕਿੱਲਿਆਂਵਾਲੀ ਵਿੱਚ ਦਰਜਨ ਤੋਂ ਵੱਧ ਟਰੱਕ-ਟਰਾਲੇ ਖੜੇ ਹਨ, ਜਦੋਂਕਿ ਹਰਿਆਣਾ ਖੇਤਰ ’ਚ ਢਾਬਿਆਂ ’ਤੇ ਦਰਜਨਾਂ ਟਰੱਕ ਰੁਕੇ ਹੋਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਬਾਹਰੀ ਝੋਨੇ ਦੀ ਆਮਦ ’ਤੇ ਪਾਬੰਦੀ ਲਗਾ ਕੇ ਪਹਿਲਾਂ ਪੰਜਾਬ ਦੇ ਕਿਸਾਨਾਂ ਦੇ ਝੋਨੇ ਦਾ ਉਠਾਨ ਯਕੀਨੀ ਬਣਾਵੇ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐੱਮਕੇ ਅਰਵਿੰਦ ਨੇ ਕਿਹਾ ਕਿ ਦਸਤਾਵੇਜ਼ਾਂ ਨਾਲ ਕੋਈ ਵੀ ਜਿਣਸ ਖਰੀਦ ਕੇ ਲਿਆ ਸਕਦਾ ਹੈ। ਜੇਕਰ ਕਿਧਰੇ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।