ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 19 ਅਕਤੂਬਰ
ਇੱਥੋਂ ਦੇ ਨਿੱਜਰਪੁਰਾ ਟੌਲ ਪਲਾਜ਼ਾ ਉੱਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਨੇ ਉੱਤਰ ਪ੍ਰਦੇਸ਼ ਤੋਂ ਆ ਰਹੇ ਝੋਨੇ ਦੇ ਛੇ ਟਰੱਕ ਕਾਬੂ ਕੀਤੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਜ਼ਾਦ ਸੰਘਰਸ਼ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਝੀਤਾ ਨੇ ਦੱਸਿਆ ਅੱਜ ਟੌਲ ਪਲਾਜ਼ਾ ਉੱਤੇ ਧਰਨੇ ਦੌਰਾਨ ਯੂਪੀ ਤੋਂ ਆਏ ਝੋਨੇ ਦੇ ਛੇ ਟਰੱਕ ਕਾਬੂ ਕੀਤੇ ਗਏ ਜੋ ਯੂਪੀ ਦੇ ਬੁਲੰਦ ਸ਼ਹਿਰ ਅਤੇ ਸਿਤਾਰਗੰਜ ਤੋਂ ਆ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਬਾਹਰਲੇ ਰਾਜਾਂ ਤੋਂ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਆਉਂਦਾ ਹੈ ਜਿਸ ਨਾਲ ਪੰਜਾਬ ਦੇ ਝੋਨੇ ਅਤੇ ਬਾਸਮਤੀ ਦੇ ਮੁੱਲ ਵਿਚ ਗਿਰਾਵਟ ਆਉਂਦੀ ਹੈ, ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਆਗੂਆਂ ਦੱਸਿਆ ਇਨ੍ਹਾਂ ਟਰੱਕਾਂ ਵਿਚੋਂ ਇੱਕ ਬਿਨਾਂ ਕਾਗਜ਼, ਦੋ ਟਰੱਕ ਕੈਪੀਟਲ ਰਾਈਸ ਮਿੱਲ ਪਿੱਦੀ ਜ਼ਿਲ੍ਹਾ ਤਰਨ ਤਾਰਨ, ਤਿੰਨ ਟਰੱਕ ਸਟਾਰ ਗਲੋਬਲ ਮਲਟੀਵੈਂਚਰ ਪ੍ਰਾਈਵੇਟ ਲਿਮਟਡ ਦੇ ਹਨ, ਜਿਸ ਦਾ ਮਾਲਕ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਹੈ। ਕਿਸਾਨ ਆਗੂਆਂ ਕਿਹਾ ਇਸ ਤਰ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਦੋਵੇਂ ਮਿਲ ਕੇ ਕਿਸਾਨਾਂ ਨੂੰ ਲੁੱਟ ਰਹੀਆਂ ਹਨ। ਇਸ ਮੌਕੇ ਸਰਪੰਚ ਹਰਦਿਆਲ ਸਿੰਘ ਪੰਡੋਰੀ, ਜਗਜੀਤ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਜੋਗਾ ਸਿੰਘ ਸਰਪੰਚ, ਦਰਸ਼ਨ ਸਿੰਘ ਨਿੱਝਰ, ਪਰਮਜੀਤ ਸਿੰਘ ਨਿੱਝਰ, ਨਿਰਵੈਲ ਸਿੰਘ ਸਰਪੰਚ, ਕੁਲਵੰਤ ਸਿੰਘ, ਸਤਨਾਮ ਸਿੰਘ ਅਤੇ ਹੋਰ ਲੋਕ ਮੌਜੂਦ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਥਾਣਾ ਜੁਲਕਾਂ ਦੀ ਪੁਲੀਸ ਨੇ ਯੂਪੀ ਝੋਨੇ ਸਮੇਤ ਆਏ ਦੋ ਟਰੱਕ ਕਾਬੂ ਕਰਕੇ ਧੋਖਾਧੜੀ ਦੇ ਕੇਸ ਦਰਜ ਕੀਤੇ ਹਨ। ਥਾਣਾ ਜੁਲਕਾਂ ਦੇ ਥਾਣਾ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲੀਸ ਚੌਕੀ ਰੌਹੜ ਜਾਗੀਰ ਦੀ ਪੁਲੀਸ ਨੇ ਯੂਪੀ ਤੋਂ ਆਏ ਦੋ ਟਰੱਕਾਂ ਨੂੰ ਝੋਨੇ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਨੇ ਦਸਿਆ ਕਿ ਸਤਨਾਮ ਸਿੰਘ ਤੇ ਗੁਰਸੇਵਕ ਸਿੰਘ ਦੋਵੇਂ ਵਾਸੀ ਜ਼ਿਲ੍ਹਾ ਸਹਾਰਨਪੁਰ ਝੋਨੇ ਦਾ ਭਰਿਆ ਟਰੱਕ ਦਿੱਤੂਪੁਰ ਮੰਡੀ ਪਟਿਆਲਾ ’ਚ ਵੇਚਣ ਲਈ ਆ ਰਹੇ ਸਨ ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ। ਇਸੇ ਤਰ੍ਹਾਂ ਮਾਰਕੀਟ ਕਮੇਟੀ ਦੂਧਨਸਾਧਾਂ ਦੇ ਸਕੱਤਰ ਰਣਬੀਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਜੁਲਕਾਂ ਦੀ ਪੁਲੀਸ ਨੇ ਅਮਰੀਕ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸ਼ੰਕਰਪੁਰ ਜ਼ਿਲ੍ਹਾ ਪਟਿਆਲਾ ਨੂੰ ਝੋਨੇ ਦੇ ਭਰੇ ਟਰੱਕ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਭਾਜਪਾ ਆਗੂ ਟਰਾਲਿਆਂ ’ਚ ਝੋਨਾ ਲਿਆਉਂਦਾ ਫੜਿਆ
ਮਲੋਟ (ਲਖਵਿੰਦਰ ਸਿੰਘ): ਮਲੋਟ ਦੇ ਸੇਤੀਆ ਮੁਹੱਲਾ ਸਰਾਭਾ ਨਗਰ ਦੇ ਵਸਨੀਕ ਇਕ ਯੂਥ ਭਾਜਪਾ ਆਗੂ ਪੰਕਜ ਬਾਂਸਲ ਨੂੰ ਝੋਨੇ ਦੇ ਭਰੇ ਦੋ ਟਰਾਲਿਆਂ ਸਮੇਤ ਕਿਸਾਨਾਂ ਨੇ ਮੁੱਖ ਸੜਕ ’ਤੇ ਰੋਕ ਲਿਆ। ਭਾਜਪਾ ਆਗੂ ਨੇ ਕਿਸਾਨਾਂ ਦੀਆਂ ਮਿੰਨਤਾਂ ਵੀ ਕੀਤੀਆਂ ਕਿ ਅੱਗੇ ਤੋਂ ਉਹ ਅਜਿਹਾ ਕੋਈ ਕੰਮ ਨਹੀਂ ਕਰੇਗਾ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਫੁਟੇਲਾ ਨੇ ਕਿਹਾ ਜ਼ਿਲ੍ਹਾ ਇਕਾਈ ’ਚ ਇਸ ਨਾਂ ਦਾ ਕੋਈ ਵੀ ਵਿਅਕਤੀ ਨਹੀਂ ਹੈ। ਹੋ ਸਕਦਾ ਹੈ ਕਿ ਡਿਵੀਜ਼ਨ ਇਕਾਈ ਵਿੱਚ ਹੋਵੇ। ਡਿਵੀਜ਼ਨ ਪ੍ਰਧਾਨ ਮੁਕੇਸ਼ ਜੱਗਾ ਨੇ ਕਿਹਾ ਕਿ ਪਾਰਟੀ ਨਾਲ ਕਾਰੋਬਾਰ ਦਾ ਕੋਈ ਸਬੰਧ ਨਹੀਂ ਹੁੰਦਾ। ਉਹ ਦਿੱਲੀ ਤੋਂ ਮਲੋਟ ਆ ਰਹੇ ਹਨ ਤੇ ਆ ਕੇ ਉਸ ਨੂੰ ਸਮਝਾਉਣਗੇ।