ਚਰਨਜੀਤ ਭੁੱਲਰ
ਚੰਡੀਗੜ੍ਹ, 10 ਮਈ
ਮੁੱਖ ਅੰਸ਼
- ਬਿਜਲੀ ਮੰਤਰੀ ਵੱਲੋਂ ਨਵਾਂ ਫ਼ਾਰਮੂਲਾ ਅਪਣਾਉਣ ਦੀ ਅਪੀਲ
- ਕਿਸਾਨਾਂ ਵੱਲੋਂ 17 ਮਈ ਤੋਂ ਮੋਰਚਾ ਲਾਉਣ ਦਾ ਐਲਾਨ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਮੀਟਿੰਗ ਦੌਰਾਨ ਕਿਸਾਨ ਧਿਰਾਂ ਨੂੰ ਝੋਨੇ ਦੀ ਪੜਾਅਵਾਰ ਲੁਆਈ ਦੇ ਫ਼ਾਰਮੂਲੇ ਨੂੰ ਅਪਣਾਉਣ ਦੀ ਅਪੀਲ ਕੀਤੀ| ਉਨ੍ਹਾਂ ਭਰੋਸਾ ਵੀ ਦਿੱਤਾ ਹੈ ਕਿ ਦੇਸ਼ ਵਿੱਚ ਬਿਜਲੀ ਸੰਕਟ ਦੇ ਬਾਵਜੂਦ ਝੋਨੇ ਦੀ ਲੁਆਈ ਲਈ ਸਰਕਾਰ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ| ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਸਰਕਾਰੀ ਮਸ਼ਵਰੇ ਨੂੰ ਰੱਦ ਕਰਦਿਆਂ 10 ਜੂਨ ਤੋਂ ਹੀ ਝੋਨੇ ਦੀ ਲੁਆਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਮੰਗ ਕੀਤੀ ਕਿ ਸਰਕਾਰ 10 ਜੂਨ ਤੋਂ ਖੇਤੀ ਸੈਕਟਰ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਵੇ| ਖ਼ਬਰਾਂ ਮਿਲ ਰਹੀਆਂ ਹਨ ਕਿ ਕਿਸਾਨੀ ਦਾ ਇੱਕ ਹਿੱਸਾ ਝੋਨੇ ਦੀ ਪੜਾਅਵਾਰ ਲੁਆਈ ਦੇ ਨਵੇਂ ਫ਼ਾਰਮੂਲੇ ਅਤੇ ਸਿੱਧੀ ਬਿਜਾਈ ਲਈ ਐਲਾਨੀ ਵਿੱਤੀ ਮਦਦ ਤੋਂ ਸੰਤੁਸ਼ਟ ਵੀ ਹੈ| ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਅੱਜ ਇੱਥੇ ਪੰਜਾਬ ਭਵਨ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਦੌਰਾਨ ਕਿਹਾ ਗਿਆ ਕਿ ਝੋਨੇ ਦੀ ਪੜਾਅਵਾਰ ਲੁਆਈ ਦੇ ਫ਼ਾਰਮੂਲੇ ਨੂੰ ਅਪਣਾਉਣ ਨਾਲ ਬਿਜਲੀ ਦੀ ਕਿੱਲਤ ਤੋਂ ਇਲਾਵਾ ਮਜ਼ਦੂਰਾਂ ਅਤੇ ਖਾਦ ਦੀ ਘਾਟ ਵਰਗੇ ਹੋਰ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ| ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸ਼ਿਕਵੇ ਦੂਰ ਕਰਨ ਲਈ ਸਰਕਾਰ ਕਮੇਟੀ ਬਣਾਉਣ ਵਾਸਤੇ ਵੀ ਤਿਆਰ ਹੈ| ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਲੁਆਈ ਦੀ ਰਵਾਇਤੀ ਪ੍ਰਣਾਲੀ ਨੂੰ ਛੱਡ ਕੇ ਸਿੱਧੀ ਬਿਜਾਈ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ ਕਿਸਾਨ ਖੇਤੀ ਮਾਹਿਰਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ ਤਾਂ ਸਿੱਧੀ ਬਿਜਾਈ ਨਾਲ ਝਾੜ ’ਤੇ ਕੋਈ ਅਸਰ ਨਹੀਂ ਪਵੇਗਾ| ਸੂਤਰ ਦੱਸਦੇ ਹਨ ਕਿ ਜਥੇਬੰਦੀਆਂ ਇਸ ਗੱਲੋਂ ਤਾਂ ਤਸੱਲੀ ਵਿਚ ਹਨ ਕਿ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਤੀ ਏਕੜ 1500 ਰੁਪਏ ਦੀ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਇਸ ਗੱਲੋਂ ਖ਼ਫ਼ਾ ਹਨ ਕਿ ਸਰਕਾਰ ਨੇ ਝੋਨੇ ਦੀ ਪੜਾਅਵਾਰ ਲੁਆਈ ਲਈ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ| ਬਿਜਲੀ ਮੰਤਰੀ ਨੇ ਮੀਟਿੰਗ ਵਿੱਚ ਭਰੋਸਾ ਦਿੱਤਾ ਕਿ ਉਹ ਕਿਸਾਨ ਜਥੇਬੰਦੀਆਂ ਦੀ ਮੰਗ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਾਉਣਗੇ| ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 27 ਮੰਗਾਂ ਸਬੰਧੀ ਪੱਤਰ ਬਿਜਲੀ ਮੰਤਰੀ ਨੂੰ ਦਿੱਤਾ ਗਿਆ| ਕਿਸਾਨ ਆਗੂ ਡਾ. ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੂਲ, ਹਰਿੰਦਰ ਸਿੰਘ ਲੱਖੋਵਾਲ, ਹਰਪਾਲ ਸਿੰਘ ਸੰਘਾ, ਸੁਖਜਿੰਦਰ ਸਿੰਘ ਖੋਸਾ ਆਦਿ ਨੇ ਕਿਹਾ ਕਿ ਝੋਨੇ ਲਈ 10 ਜੂਨ ਤੋਂ 8 ਘੰਟੇ ਬਿਜਲੀ ਦੀ ਮੰਗ ਸਬੰਧੀ 17 ਮਈ ਤੋਂ ਚੰਡੀਗੜ੍ਹ ਵਿੱਚ ਕਿਸਾਨ ਪੱਕਾ ਮੋਰਚਾ ਲਾਉਣਗੇ|
ਗੁਰੂ ਗੋਬਿੰਦ ਸਿੰਘ ਤਾਪ ਘਰ ਦੇ ਸਾਰੇ ਯੂਨਿਟਾਂ ਨੇ ਬਿਜਲੀ ਉਤਪਾਦਨ ਸ਼ੁਰੂ ਕੀਤਾ
ਘਨੌਲੀ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਤਕਨੀਕੀ ਨੁਕਸ ਕਾਰਨ ਬੰਦ ਪਏ 2 ਯੁੂਨਿਟ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ। ਸਰਕਾਰੀ ਪ੍ਰਬੰਧ ਵਾਲੇ ਥਰਮਲ ਪਲਾਂਟ ਰੂਪਨਗਰ ਦੇ ਯੁੂਨਿਟ ਨੰਬਰ-5 ਅਤੇ ਲਹਿਰਾ ਮੁਹੱਬਤ ਦੇ ਯੁੂਨਿਟ ਨੰਬਰ-1 ਤੋਂ ਬੀਤੀ ਰਾਤ ਬਿਜਲੀ ਦੀ ਪੈਦਾਵਾਰ ਸ਼ੁਰੂ ਹੋ ਗਈ ਹੈ।