ਚਰਨਜੀਤ ਭੁੱਲਰ
ਚੰਡੀਗੜ੍ਹ, 16 ਅਪਰੈਲ
‘ਆਪ’ ਸਰਕਾਰ ਨੇ ਝੋਨੇ ਦੀ ਬਿਜਾਈ ਮੌਕੇ ਬਿਜਲੀ ਸੰਕਟ ਨਾਲ ਨਜਿੱਠਣ ਲਈ ਨਵੇਂ ਫਾਰਮੂਲੇ ਦੀ ਤਿਆਰੀ ਵਿੱਢੀ ਹੈ| ਨਵੇਂ ਫ਼ਾਰਮੂਲੇ ਤਹਿਤ ਧਰਤੀ ਹੇਠਲੇ ਪਾਣੀ ਤੋਂ ਇਲਾਵਾ ਪਰਾਲੀ ਦੇ ਪ੍ਰਦੂਸ਼ਣ ਨੂੰ ਵੀ ਠੱਲ੍ਹਣ ਦੀ ਯੋਜਨਾ ਹੈ। ਝੋਨੇ ਦੀ ਬਿਜਾਈ ਲਈ ਬਿਜਲੀ ਸਪਲਾਈ ਦੀ ਨਵੀਂ ਯੋਜਨਾ ’ਤੇ ਪੰਜਾਬ ਸਰਕਾਰ ਨੇ ਵਿਚਾਰ-ਚਰਚਾ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਨੇ ਦੂਜੇ ਪੜਾਅ ਤਹਿਤ ਭਲਕੇ 17 ਅਪਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸੱਦੀ ਹੈ। ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ 23 ਕਿਸਾਨ ਧਿਰਾਂ ਦੇ ਆਗੂਆਂ ਨੂੰ ਪੰਜਾਬ ਭਵਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ। ਇਹ ਮੀਟਿੰਗ ਦੁਪਹਿਰ ਦੋ ਵਜੇ ਹੋਵੇਗੀ। ਪਤਾ ਲੱਗਾ ਹੈ ਕਿ ਬੀਕੇਯੂ ਉਗਰਾਹਾਂ ਨੂੰ ਵੱਖਰਾ ਸਮਾਂ ਦਿੱਤਾ ਜਾ ਰਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਵੱਖਰੇ ਤੌਰ ’ਤੇ ਵਿਚਾਰ ਵਟਾਂਦਰਾ ਕਰਨਗੇ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਛੁਕ ਹਨ ਕਿ ਕਿਸਾਨ ਧਿਰਾਂ ਦੀ ਸਹਿਮਤੀ ਨਾਲ ਬਿਜਲੀ ਸਪਲਾਈ ਬਾਰੇ ਫੈਸਲਾ ਲਿਆ ਜਾਵੇ। ਪੰਜਾਬ ਸਰਕਾਰ ਨੇ ਜੋ ਕਿਸਾਨ ਆਗੂਆਂ ਨੂੰ ਸੱਦਾ ਭੇਜਿਆ ਹੈ, ਉਸ ਵਿਚ ਵੀ ਦੋ ਏਜੰਡੇ ਰੱਖੇ ਗਏ ਹਨ ਜਿਨ੍ਹਾਂ ਵਿਚ ਇੱਕ ਝੋਨੇ ਦੀ ਸਿੱਧੀ ਬਿਜਾਈ ਅਤੇ ਦੂਜਾ ਨੁਕਤਾ ਝੋਨੇ ਦੀ ਬਿਜਾਈ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੱਖ ਵੱਖ ਸਮੇਂ ’ਤੇ ਕਰਨ ਬਾਰੇ ਹੈ। ਝੋਨੇ ਦੇ ਸੀਜ਼ਨ ਵਿਚ ਇਕਦਮ ਬਿਜਲੀ ਦੀ ਮੰਗ ਵਿਚ ਹੋਣ ਵਾਲੇ ਵਾਧੇ ਨੂੰ ਰੋਕਣ ਲਈ ਨਵਾਂ ਪੈਂਤੜਾ ਹੈ ਕਿ ਪੰਜਾਬ ਨੂੰ ਵੱਖ ਵੱਖ ਖਿੱਤਿਆਂ ਵਿਚ ਵੰਡ ਕੇ ਬਿਜਲੀ ਸਪਲਾਈ ਦਿੱਤੀ ਜਾਵੇ। ਸਮੁੱਚੇ ਪੰਜਾਬ ਵਿਚ ਇੱਕੋ ਸਮੇਂ ਝੋਨੇ ਦੀ ਲਵਾਈ ਦੀ ਥਾਂ ਖਿੱਤੇ ਅਨੁਸਾਰ ਵੱਖ ਵੱਖ ਤਰੀਕਾਂ ’ਤੇ ਬਿਜਾਈ ਸ਼ੁਰੂ ਕਰਨ ਦੀ ਯੋਜਨਾ ਘੜੀ ਜਾ ਰਹੀ ਹੈ। ਝੋਨੇ ਦੀ ਲਵਾਈ ਅਤੇ ਬਿਜਲੀ ਸਪਲਾਈ ਵਾਰੀ ਅਨੁਸਾਰ ਦੇਣ ਦੀ ਯੋਜਨਾ ਬਣ ਰਹੀ ਹੈ। ‘ਆਪ’ ਸਰਕਾਰ ਦੀ ਵਿਉਂਤ ਹੈ ਕਿ ਅਗਰ ਸਮੁੱਚੇ ਪੰਜਾਬ ਵਿਚ ਇੱਕੋ ਸਮੇਂ ਝੋਨਾ ਲੱਗਣ ਦੀ ਥਾਂ ਵੱਖ ਵੱਖ ਤਰੀਕਾਂ ਵਿਚ ਲੱਗੇਗਾ ਤਾਂ ਮੰਡੀਆਂ ਵਿਚ ਵੀ ਅੰਬਾਰ ਨਹੀਂ ਲੱਗਣਗੇ ਅਤੇ ਲੇਬਰ ਸੰਕਟ ਵੀ ਨਹੀਂ ਪੈਦਾ ਹੋਵੇਗਾ। ਬਿਜਲੀ ਦੇਣ ਵਿਚ ਵੀ ਸੌਖ ਹੋਵੇਗੀ।
ਸਰਕਾਰ ਕਣਕ ਦੇ ਘਟੇ ਝਾੜ ਤੋਂ ਚਿੰਤਤ
‘ਆਪ’ ਸਰਕਾਰ ਪੰਜਾਬ ਵਿੱਚ ਐਤਕੀਂ ਝੋਨੇ ਦੇ ਘਟੇ ਝਾੜ ਨੂੰ ਲੈ ਕੇ ਚਿੰਤਤ ਦਿਖਾਈ ਦੇ ਰਹੀ ਹੈ। ਪਤਾ ਲੱਗਾ ਹੈ ਕਿ ਖੇਤੀ ਮਹਿਕਮੇ ਤਰਫ਼ੋਂ ਝੋਨੇ ਦਾ ਝਾੜ ਘਟਣ ਦੇ ਕਾਰਨਾਂ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਚੇਤੇ ਰਹੇ ਕਿ ਐਤਕੀਂ ਪੰਜਾਬ ਵਿਚ ਵਧ ਗਰਮੀ ਪੈਣ ਕਰਕੇ ਝੋਨੇ ਦਾ 20 ਤੋਂ 25 ਫੀਸਦੀ ਝਾੜ ਘੱਟ ਗਿਆ ਹੈ। ਮੋਟੇ ਰੂਪ ਵਿਚ ਦੇਖੀਏ ਤਾਂ ਕਿਸਾਨਾਂ ਨੂੰ ਕਰੀਬ ਛੇ ਹਜ਼ਾਰ ਕਰੋੜ ਰੁਪਏ ਦਾ ਵਿੱਤੀ ਰਗੜਾ ਲੱਗ ਗਿਆ ਹੈ।