ਪੱਤਰ ਪ੍ਰੇਰਕ
ਬਸੀ ਪਠਾਣਾਂ, 11 ਅਕਤੂਬਰ
ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅੱਜ ਬਸੀ ਪਠਾਣਾਂ ਦੀ ਅਨਾਜ ਮੰਡੀ ਵਿਚ ਝੋਨੇ ਦੇ ਖ਼ਰੀਦ ਪ੍ਰਬੰਧਾ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਸੁੱਕੀ ਫ਼ਸਲ ਮੰਡੀਆਂ ਵਿੱਚ ਲੈਕੇ ਆਉਣ ਤੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ 12 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦਾ ਰਿਕਾਰਡ ਸਿਰਜਿਆ ਹੈ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ, ਸਕੱਤਰ ਮਾਰਕਿਟ ਕਮੇਟੀ ਮਨਜਿੰਦਰ ਸਿੰਘ, ਮੰਡੀ ਸੁਪਰਵਾਇਜ਼ਰ ਸੁਖਦੇਵ ਸਿੰਘ, ਆੜ੍ਹਤੀ ਜਥੇਬੰਦੀ ਦੇ ਸੂਬਾਈ ਆਗੂ ਰਾਜੇਸ਼ ਸਿੰਗਲਾ ਆਦਿ ਹਾਜ਼ਰ ਸਨ।
ਮੰਡੀਆਂ ’ਚ ਖੱਜਲ ਹੋ ਰਹੇ ਨੇ ਕਿਸਾਨ: ਐੱਨਕੇ ਸ਼ਰਮਾ
ਲਾਲੜੂ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਅੱਜ ਲਾਲੜੂ ਦੀ ਨਵੀਂ ਦਾਣਾ ਮੰਡੀ ਦਾ ਦੌਰਾ ਕਰਦੇ ਸਮੇਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਛੇ ਮਹੀਨੇ ਅੰਦਰ ਹੀ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਮੰਡੀਆਂ ਵਿੱਚ ਆਪਣੀ ਝੋਨੇ ਦੀ ਫਸਲ ਲੈ ਕੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਜੀਰਾਂ ਤੇ ਵਿਧਾਇਕਾਂ ਦੀ ਟੀਮ ਨੂੰ ਲੈ ਕੇ ਗੁਜਰਾਤ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।