ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਸਤੰਬਰ
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸਬੰਧੀ ਜਾਰੀ ਮਾਪਦੰਡਾਂ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਬੀਰਦਵਿੰਦਰ ਸਿੰਘ ਨੇ ਇਸ ਨੂੰ ਕੇਂਦਰ ਦੀ ਬਦਲਾਲਊ ਨੀਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐੱਫਸੀਆਈ ਵੱਲੋਂ ਪੰਜਾਬ ਵਿਚ ਜੀਰੀ ਅਤੇ ਕਣਕ ਦੀ ਖ਼ਰੀਦ ਸਬੰਧੀ ਬਹੁਤ ਸਮਾਂ ਪਹਿਲਾਂ ਬਣਾਏ ਗਏ ਮਾਪਦੰਡ ਅਜੋਕੇ ਸਮੇਂ ’ਤੇ ਖਰੇ ਨਹੀਂ ਉਤਰਦੇ। ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸਬੰਧੀ ਬਣਾਏ ਨਵੇਂ ਮਾਪਦੰਡਾਂ ਮੁਤਾਬਕ ਪੰਜਾਬ ਦੇ ਕਿਸੇ ਵੀ ਕਿਸਾਨ ਦੀ ਇੱਕ ਵੀ ਢੇਰੀ ਖ਼ਰੀਦਣਯੋਗ ਨਹੀਂ ਹੋਵੇਗੀ। ਸ੍ਰੀ ਬੀਰਦਵਿੰਦਰ ਨੇ ਕਿਹਾ ਕਿ ਇਸ ਖ਼ਰੀਦ ਸੀਜ਼ਨ ਲਈ ਐੱਫਸੀਆਈ ਵੱਲੋਂ ਪੰਜਾਬ ਦੇ ਰਾਈਸ ਮਿੱਲਰਾਂ ਪਾਸੋਂ ਚਾਵਲ ਲੈਣ ਦੇ ਮਾਪਦੰਡਾਂ ਨੂੰ ਵੀ ਹੋਰ ਸਖ਼ਤ ਕਰਨਾ ਅਤਿ ਨਿੰਦਣਯੋਗ ਹੈ ਤੇ ਕੇਂਦਰ ਦੀ ਅਜਿਹੀ ਕਾਰਸਤਾਨੀ ਇਸ ਸਨਅਤ ਨੂੰ ਤਬਾਹ ਕਰ ਦੇਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਇਹ ਮਾਪਦੰਡ ਬਣਾਉਣ ਵੇਲੇ ਕਿਸਾਨਾਂ ਤੇ ਰਾਈਸ ਮਿੱਲਰਾਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ।