ਸੁਖਦੇਵ ਸਿੰਘ ਸੁੱਖ
ਅਜਨਾਲਾ, 23 ਅਕਤੂਬਰ
ਅੱਜ ਹੋਈ ਬੇਮੌਮਸੀ ਬਰਸਾਤ ਨੇ ਜਿੱਥੇ ਕਿਸਾਨਾਂ, ਆੜ੍ਹਤੀਆਂ ਨੂੰ ਮਾਯੂਸ ਕੀਤਾ ਹੈ ਉੱਥੇ ਹੀ ਸਰਕਾਰੀ ਖਰੀਦ ਏਜੰਸੀਆਂ ਦੀ ਢਿੱਲ ਕਾਰਨ ਮੰਡੀਆਂ ਵਿੱਚੋਂ ਲਿਫਟਿੰਗ ’ਚ ਹੋਈ ਦੇਰੀ ਕਾਰਨ ਲੱਖਾਂ ਹੀ ਬੋਰੀਆਂ ਮੀਂਹ ਵਿੱਚ ਭਿੱਜ ਜਾਣ ਨਾਲ ਆੜ੍ਹਤੀਆਂ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ । ਮਾਰਕਿਟ ਕਮੇਟੀ ਅਜਨਾਲਾ ਅਧੀਨ ਪੈਂਦੀਆਂ ਦਾਣਾ ਮੰਡੀਆਂ ਵਿੱਚ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਪਰਮਲ ਕਿਸਮ ਦੇ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਜੋ ਝੋਨਾਂ ਤੋਲਣ ਤੋਂ ਬਾਅਦ ਬੋਰੀਆਂ ਵਿੱਚ ਭਰ ਗਿਆ ਪਰ ਉਸ ਦੀ ਸਮੇਂ ਸਿਰ ਲਿਫਟਿੰਗ ਨਹੀ ਹੋਈ ਜਿਸ ਕਾਰਨ ਖੁੱਲ੍ਹੇ ਆਸਮਾਨ ਹੇਠ ਪਈਆਂ ਬੋਰੀਆਂ ਅੱਜ ਬਾਰਸ਼ ਕਾਰਨ ਭਿੱਜ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਖਰੀਦ ਕੀਤੇ ਝੋਨੇ ਦੀ ਮੀਲਿੰਗ ਲਈ ਖਰੀਦ ਏਜੰਸੀਆਂ ਸੂਬੇ ਅੰਦਰ ਚੱਲ ਰਹੇ ਵੱਖ-ਵੱਖ ਸ਼ੈਲਰਾਂ ਨੂੰ ਮੰਡੀਆਂ ਵਿੱਚੋਂ ਲਿਫਟਿੰਗ ਕਰਨ ਲਈ ਰਿਲੀਜ਼ ਆਰਡਰ ਦਿੰਦੀਆਂ ਹਨ ਜਿਸ ਤੋਂ ਬਾਅਦ ਸ਼ੈਲਰ ਮਾਲਕ ਖ਼ੁਦ ਮੰਡੀਆਂ ਵਿੱਚ ਜਾ ਕੇ ਝੋਨਾਂ ਚੁੱਕਣ ਲਈ 30 ਤੋਂ 70 ਰੁਪਏ ਕਿਰਾਇਆ ਆੜ੍ਹਤੀ ਨੂੰ ਆਪਣੇ ਪਾਸੋਂ ਦੇਣ ਦੀ ਮੰਗ ਕਰਦੇ ਹਨ ਜਿਸ ਕਾਰਨ ਕਈ ਸਥਾਨਾਂ ਤੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦਰਮਿਆਨ ਇਸ ਗੱਲ ’ਤੇ ਸਹਿਮਤੀ ਨਾ ਹੋਣ ਕਰਨ ਸ਼ੈਲਰ ਮਾਲਕ ਮੰਡੀਆਂ ਵਿੱਚੋਂ ਲਿਫਟਿੰਗ ਨਹੀ ਕਰਦੇ ਜਿਸ ਦਾ ਨਤੀਜਾ ਅੱਜ ਮੰਡੀਆਂ ਵਿੱਚ ਭਿੱਜੀਆਂ ਹੋਈਆਂ ਲੱਖਾਂ ਬੋਰੀਆਂ ਤੋਂ ਮਿਲਦਾ ਹੈ ਪਰ ਜਿੱਥੇ ਕਿਤੇ ਸ਼ੈਲਰ ਮਾਲਕਾਂ-ਆੜ੍ਹਤੀਆਂ ਦਾ ਕਿਰਾਏ ਪ੍ਰਤੀ ਤਾਲਮੇਲ ਬੈਠ ਜਾਂਦਾ ਹੈ ਤਾਂ ਇਹ ਕਿਰਾਇਆ ਮਜ਼ਬੂਰੀ ਵੱਸ ਆੜ੍ਹਤੀ ਕਿਸਾਨਾਂ ਤੋਂ ਵਸੂਲ ਕਰਦੇ ਹਨ।
ਇਥੇ ਆੜ੍ਹਤੀਆਂ ਨੇ ਗੱਲ ਕਰਦਿਆਂ ਕਿਹਾ ਕਿ ਸਰਕਾਰੀ ਖਰੀਦ ਏਜੰਸੀ ਦਾ ਇੰਸਪੈਕਟਰ ਤਾਂ ਖਰੀਦ ਕਰ ਲੈਂਦਾ ਹੈ ਪਰ ਸ਼ੈਲਰ ਮਾਲਕ ਝੋਨੇ ਵਿੱਚ ਵੱਧ ਨਮੀਂ ਦਾ ਬਹਾਨਾਂ ਲਗਾ ਕੇ ਆੜ੍ਹਤੀਆਂ ਪਾਸੋਂ ਪੈਸੇ ਵਸੂਲ ਕਰ ਰਹੇ ਹਨ ਜੋ ਕਿ ਨਿਯਮਾਂ ਮੁਤਾਬਕ ਸਰਾਸਰ ਹੀ ਗਲਤ ਹੈ। ਆੜ੍ਹਤੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਸਮੇਂ ਸਿਰ ਕਰਵਾਈ ਜਾਵੇ ਤਾਂ ਜੋ ਆੜ੍ਹਤੀ ਕਿਸੇ ਵੀ ਕੁਦਰਤੀ ਮਾਰ ਤੋਂ ਬਚ ਸਕਣ।
ਇਸ ਸਬੰਧੀ ਜਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਸ਼ੈਲਰ ਮਾਲਕ ਆੜ੍ਹਤੀਆਂ ਪਾਸੋਂ ਕਿਰਾਇਆ ਨਹੀਂ ਲੈ ਸਕਦੇ ਪਰ ਜੇ ਕਿਸੇ ਸ਼ੈਲਰ ਮਾਲਕ ਖਿਲਾਫ ਕੋਈ ਸ਼ਿਕਾਇਤ ਮਿਲੀ ਤਾਂ ਉਸ ਸ਼ੈਲਰ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਮਾਰਕੀਟ ਕਮੇਟੀ ਚੇਅਰਮੈਨ ਵੱਲੋਂ ਘੋਹ ਮੰਡੀ ਦਾ ਦੌਰਾ
ਪਠਾਨਕੋਟ (ਪੱਤਰ ਪ੍ਰੇਰਕ): ਮਾਰਕੀਟ ਕਮੇਟੀ ਪਠਾਨਕੋਟ ਦੇ ਚੇਅਰਮੈਨ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਘੋਹ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਪੱਲਾ ਰਾਮ, ਸੰਨੀ, ਸਰਪੰਚ ਭਰਤ ਸਲਾਰੀਆ, ਬੋਧ ਰਾਜ ਆਦਿ ਕਿਸਾਨ ਹਾਜ਼ਰ ਸਨ। ਇਸ ਮੌਕੇ ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕੀਤੀ ਅਤੇ ਝੋਨੇ ਦੇ ਖਰੀਦ ਪ੍ਰਬੰਧਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਦੱਸਿਆ ਕਿ 22 ਅਕਤੂਬਰ ਤੱਕ ਮੰਡੀ ਵਿੱਚ 18 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਐਡਵੋਕੇਟ ਭਾਨੂੰ ਪ੍ਰਤਾਪ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਖਰੀਦ ਵਿੱਚ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦੇਵੇਗੀ।