ਪੱਤਰ ਪ੍ਰੇਰਕ
ਮਾਨਸਾ, 21 ਜੂਨ
ਮਾਲਵਾ ਖੇਤਰ ਵਿਚ ਝੋਨੇ ਦੀ ਲੁਆਈ ਵਿਚ ਇਕਦਮ ਤੇਜ਼ੀ ਆ ਗਈ ਹੈ। ਉਧਰ ਝੋਨੇ ਦੀ ਲੁਆਈ ਲਈ ਪਰਵਾਸੀ ਮਜ਼ਦੂਰਾਂ ਦੀ ਘਾਟ ਰੜਕਣ ਲੱਗੀ ਹੈ। ਅਗਨੀਪਥ ਸਦਕਾ ਰੇਲਾਂ ਦੇ ਬੰਦ ਹੋਣ ਕਾਰਨ ਪਰਵਾਸੀ ਮਜ਼ਦੂਰਾਂ ਦੇ ਘੱਟ ਗਿਣਤੀ ਵਿਚ ਪੁੱਜਣ ਕਾਰਨ ਹੁਣ ਕਿਸਾਨਾਂ ਵੱਲੋਂ ਪਿੰਡਾਂ ਦੀ ਦੇਸੀ ਲੇਬਰ ਤੋਂ ਝੋਨੇ ਨੂੰ ਲਵਾਉਣ ਦਾ ਜੁਗਾੜ ਕੀਤਾ ਗਿਆ ਹੈ।
ਸੂਬੇ ਵਿਚ ਪਰਵਾਸੀ ਮਜ਼ਦੂਰ ਲੰਬੇ ਸਮੇਂ ਤੋਂ ਝੋਨਾ ਲਾਉਣ ਦਾ ਕੰਮ ਕਰਨ ਲਈ ਆ ਰਹੇ ਹਨ ਪਰ ਦੇਸ਼ ਭਰ ਵਿਚ ਅਗਨੀਪਥ ਸਕੀਮ ਦੇ ਹੋ ਰਹੇ ਵਿਰੋਧ ਕਾਰਨ ਮਜ਼ਦੂਰਾਂ ਦੀ ਆਮਦ ਪਹਿਲਾਂ ਨਾਲੋਂ ਘੱਟ ਗਈ ਹੈ। ਕਈ ਕਿਸਾਨਾਂ ਨੇ ਆਪਣੇ ਵਾਹਨ ਭੇਜ ਕੇ ਇਨ੍ਹਾਂ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਲਿਆਉਣ ਦਾ ਵੀ ਇੰਤਜ਼ਾਮ ਕਰ ਲਿਆ ਹੈ। ਮਾਲਵਾ ਪੱਟੀ ਵਿਚ ਪੇਂਡੂ ਮਜ਼ਦੂਰ ਵੀ ਅੱਜ ਕੱਲ੍ਹ ਝੋਨਾ ਲਾਉਣ ਲੱਗੇ ਹਨ ਪਰ ਇਨ੍ਹਾਂ ਮਜ਼ਦੂਰਾਂ ਦੀ ਝੋਨਾ ਲਾਉਣ ਦੀ ਰਫ਼ਤਾਰ ਸਹੀ ਨਹੀਂ ਬੈਠ ਰਹੀ ਜਿਸ ਕਾਰਨ ਕਿਸਾਨ ਹੁਣ ਪਰਵਾਸੀਆਂ ਨੂੰ ਤਰਜੀਹ ਦੇਣ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪਰਵਾਸੀ ਮਜ਼ਦੂਰ ਝੋਨੇ ਦੀ ਲੁਆਈ ਸਥਾਨਕ ਮਜ਼ਦੂਰਾਂ ਤੋਂ ਤੇਜ਼ ਕਰਦੇ ਹਨ ਅਤੇ ਇਹ ਕਿਸਾਨਾਂ ਉਪਰ ਰੋਟੀ-ਟੁੱਕ ਦਾ ਬੋਝ ਵੀ ਨਹੀਂ ਬਣਦੇ।
ਉਧਰ ਮੌਸਮ ਵਿੱਚ ਆਈ ਤਬਦੀਲੀ ਕਾਰਨ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਕਾਹਲ ਵਿੱਚ ਝੋਨਾ ਲਾਉਣਾ ਪੈ ਰਿਹਾ ਹੈ। ਮਾਲਵਾ ਪੱਟੀ ਵਿੱਚ ਮੌਸਮ ਠੰਢਾ ਹੋਣ ਕਾਰਨ ਲਗਾਤਾਰ ਚੱਲ ਰਹੇ ਟਿਊਬਵੈੱਲ ਹੁਣ ਬੰਦ ਹੋਏ ਪਏ ਹਨ। ਝੋਨੇ ਦੀ ਲੁਆਈ ਦੇ ਦਿਨਾਂ ਦੌਰਾਨ ਇਹ ਪਹਿਲੀ ਵਾਰ ਹੈ ਕਿ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਨਹੀਂ ਫੂਕਣਾ ਪੈ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ.ਜੀ ਐਸ ਰੋਮਾਣਾ ਨੇ ਮਾਲਵਾ ਪੱਟੀ ਵਿਚ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਡੀਜ਼ਲ ਬਚੇਗਾ ਤੇ ਬਿਜਲੀ ਦੀ ਵੀ ਘੱਟ ਖਪਤ ਹੋਣ ਕਾਰਨ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਮੰਗ ਕੀਤੀ ਕਿ ਯੂਰੀਆ ਅਤੇ ਕੀਟਨਾਸ਼ਕ ਦਵਾਈਆਂ ਸਹਿਕਾਰੀ ਸਭਾਵਾਂ ਨੂੰ ਤੁਰੰਤ ਭੇਜੀਆਂ ਜਾਣ ਤਾਂ ਕਿ ਕਿਸਾਨਾਂ ਨੂੰ ਸਮੱਸਿਆ ਨਾ ਆਵੇ।