ਰਾਕੇਸ਼ ਸੈਣੀ
ਨੰਗਲ, 9 ਮਈ
ਕਰੋਨਾ ਮਹਾਂਮਾਰੀ ਕਾਰਨ ਆਕਸੀਜਨ ਗੈਸ ਦੀ ਘਾਟ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦਿਆ ਉਦਯੋਗਿਕ ਅਦਾਰਾ ਪੀਏਸੀਐਲ ਨੇ ਪਲਾਂਟ ਵਿਚ ਲੱਗੇ ਨਾਈਟ੍ਰੋਜਨ ਪਲਾਂਟ ਨੂੰ ਆਕਸੀਜਨ ਪਲਾਂਟ ਵਿਚ ਬਦਲ ਕੇ ਸਿਵਲ ਹਸਪਤਾਲ ਨੰਗਲ ਵਿੱਚ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ।
ਇਸ ਸਬੰਧ ਵਿਚ ਅੱਜ ਐੱਸਡੀਐੱਮ ਕਨੂੰ ਗਰਗ, ਪੰਜਾਬ ਪ੍ਰਦੂਸ਼ਣ ਨਿਯੰਤਰਨ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਨਵਾਂ ਨੰਗਲ ਵਿਚ ਸਥਿਤ ਉਦਯੋਗਿਕ ਇਕਾਈ ਪੀਏਸੀਐਲ ਅਤੇ ਸਿਵਲ ਹਸਪਤਾਲ ਨੰਗਲ ਦਾ ਦੌਰਾ ਕੀਤਾ। ਪ੍ਰਸ਼ਾਸਨ ਨੇ ਪੀਏਸੀਐਲ ਦੇ ਡੀਜੀਐਮ (ਤਕਨੀਕੀ) ਐੱਮਪੀਐੱਸ ਵਾਲੀਆ, ਏਜੀਐੱਮ ਫਾਇਨਾਂਸ ਤਲਵਿੰਦਰ ਸਿੰਘ ਅਤੇ ਸਿਵਲ ਹਸਪਤਾਲ ਦੇ ਐਸਐਮਓ ਡਾ. ਨਰੇਸ਼ ਸ਼ਰਮਾ ਨਾਲ ਚਰਚਾ ਕੀਤੀ। ਐਸਡੀਐਮ ਕੰਨੂ ਗਰਗ ਨੇ ਕਿਹਾ ਕਿ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਸੂਬੇ ਵਿਚਲੇ ਉਦਯੋਗਿਕ ਯੂਨਿਟਾਂ ਵਿਚ ਜਿੱਥੇ-ਜਿੱਥੇ ਨਾਈਟ੍ਰੋਜਨ ਪਲਾਂਟ ਲੱਗੇ ਹਨ, ਨੂੰ ਆਕਸੀਜਨ ਪਲਾਂਟ ਵਿਚ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਪੀਏਸੀਐਲ ਵਿਚ ਵੀ ਨਾਈਟ੍ਰੋਜਨ ਦਾ ਛੋਟਾ ਪਲਾਂਟ ਲੱਗਾ ਹੈ ਜਿਸ ਨੂੰ ਆਕਸੀਜਨ ਪਲਾਂਟ ਵਿਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਈਟ੍ਰੋਜਨ ਪਲਾਂਟ ਨੂੰ ਆਕਸੀਜਨ ਪਲਾਂਟ ਵਿਚ ਬਦਲ ਕੇ ਸਿਵਲ ਹਸਪਤਾਲ ਨੰਗਲ ਵਿਚ ਲਗਾਇਆ ਜਾਵੇਗਾ।
ਪੀਏਸੀਐਲ ਦੇ ਡੀਜੀਐਮ ਸ੍ਰੀ ਵਾਲੀਆ ਨੇ ਕਿਹਾ ਕਿ ਆਕਸੀਜਨ ਦੀ ਘਾਟ ਨੂੰ ਦੇਖਦੇ ਹੋਏ ਪੀਏਸੀਐਲ ਮੈਨੇਜਮੈਂਟ ਨੇ ਪ੍ਰਦੂਸ਼ਣ ਨਿਯੰਤਰਨ ਬੋਰਡ ਰਾਹੀਂ ਸਰਕਾਰ ਨੂੰ ਇਸ ਪਲਾਟ ਨੂੰ ਅਕਾਸੀਜਨ ਪਲਾਂਟ ਵਿਚ ਬਦਲਣ ਦੀ ਪੇਸ਼ਕਸ਼ ਕੀਤੀ ਸੀ। ਇਸ ’ਤੇ ਲੱਗਣ ਵਾਲਾ ਖ਼ਰਚਾ ਅਦਾਰਾ ਪੀਏਸੀਐਲ ਚੁੱਕੇਗਾ।