ਗਗਨਦੀਪ ਅਰੋੜਾ
ਲੁਧਿਆਣਾ, 17 ਅਗਸਤ
ਕਣਕ ਮੰਡੀਆਂ ਵਿੱਚ ਹੋਏ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਤੇਲੂ ਰਾਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੂੰ ਵੀ ਨਾਜ਼ਮਦ ਕਰ ਲਿਆ ਗਿਆ ਹੈ। ਸਰਕਾਰ ਇਸ ਮਾਮਲੇ ’ਚ ਕਿਤੇ ਨਾ ਕਿਤੇ ਸਾਬਕਾ ਕੈਬਨਿਟ ਮੰਤਰੀ ਨੂੰ ਘੇਰਨ ਦੀ ਤਿਆਰੀ ’ਚ ਹੈ। ਸਵੇਰੇ ਤਿੰਨ ਵਜੇ ਦੇ ਕਰੀਬ ਵਿਜੀਲੈਂਸ ਦੀ ਟੀਮ ਆਸ਼ੂ ਦੇ ਪੀਏ ਦੇ ਜਵਾਹਰ ਨਗਰ ਕੈਂਪ ਸਥਿਤ ਘਰ ਪੁੱਜੀ ਸੀ, ਪਰ ਮੀਨੂੰ ਪਹਿਲਾਂ ਤੋਂ ਫ਼ਰਾਰ ਸੀ। ਸੂਤਰ ਦੱਸਦੇ ਹਨ ਕਿ ਆਸ਼ੂ ਦੇ ਪੀਏ ਮੀਨੂੰ ਦੇ ਨਾਮਜ਼ਦ ਹੋਣ ਤੋਂ ਬਾਅਦ ਉਨ੍ਹਾਂ ਦੇ ਕਈ ਅਜਿਹੇ ਨਜ਼ਦੀਕੀ ਹਨ, ਜੋ ਘਰਾਂ ਤੋਂ ਫ਼ਰਾਰ ਹੋ ਗਏ ਹਨ।
ਜਾਣਕਾਰੀ ਮੁਤਾਬਕ ਦਾਣਾ ਮੰਡੀਆਂ ’ਚ ਕਣਕ ਦੀ ਲੋਡਿੰਗ ਤੇ ਅਨਲੋਡਿੰਗ ਲਈ ਮਜ਼ਦੂਰਾਂ ਤੇ ਵਾਹਨਾਂ ਨੂੰ ਲੈ ਕੇ ਟੈਂਡਰ ਜਾਰੀ ਹੋਏ ਸਨ। ਇਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਕਈ ਅਜਿਹੇ ਵਾਹਨਾਂ ਦੇ ਨੰਬਰ ਲਾਏ ਗਏ, ਜੋ ਟਰੱਕਾਂ ਦੀ ਥਾਂ ਸਕੂਟਰਾਂ ਤੇ ਮੋਟਰਸਾਈਕਲਾਂ ਦੇ ਸਨ। ਜਿਨ੍ਹਾਂ ਵਾਹਨਾਂ ਦੇ ਇਹ ਨੰਬਰ ਹਨ, ਉਹ ਮਾਲ ਢੋਹਣ ਲਈ ਯੋਗ ਹੀ ਨਹੀਂ ਹਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀਆਂ ਦੇ ਕਾਫ਼ੀ ਨਜ਼ਦੀਕੀ ਸਨ। ਇਸ ਕਾਰਨ ਮਿਲੀਭੁਗਤ ਕਰਕੇ ਉਸ ਨੂੰ ਟੈਂਡਰ ਦਿੱਤੇ ਗਏ। ਇਹ ਵੀ ਦੱਸਿਆ ਗਿਆ ਹੈ ਕਿ ਇਸ ਮਿਲੀਭੁਗਤ ’ਚ ਸਭ ਤੋਂ ਵੱਡਾ ਹੱਥ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸੀ। ਹੁਣ ਵਿਜੀਲੈਂਸ ਦੀ ਟੀਮ ਇਹ ਜਾਂਚ ਕਰਨ ’ਚ ਲੱਗੀ ਹੈ ਮੀਨੂੰ ਪੰਕਜ ਮਲਹੋਤਰਾ ਰਾਹੀਂ ਕਿਹੜਾ ਕਿਹੜਾ ਫੂਡ ਐਂਡ ਸਪਲਾਈ ਵਿਭਾਗ ਦਾ ਅਧਿਕਾਰੀ ਇਸ ਮਾਮਲੇ ’ਚ ਸ਼ਾਮਲ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਤੇਲੂ ਰਾਮ ਤੇ ਮੀਨੂੰ ਪੰਕਜ ਮਲਹੋਤਰਾ ਵਿੱਚ ਕਾਫ਼ੀ ਨੇੜੇਲੇ ਸਬੰਧ ਸਨ ਤੇ ਇਸੇ ਦਾ ਫਾਇਦਾ ਚੁੱਕ ਕੇ ਤੇਲੂ ਰਾਮ ਨੇ ਵੱਡੇ ਟੈਂਡਰ ਲਏ ਸਨ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮੀਨੂੰ ਪੰਕਜ ਮਲਹੋਤਰਾ ਨੂੰ ਵਿਜੀਲੈਂਸ ਨੇ ਆਪਣੇ ਦਫ਼ਤਰ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਇਆ, ਜਿਸ ਕਾਰਨ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਨਾਮਜ਼ਦ ਕਰ ਲਿਆ। ਉਧਰ, ਇਸ ਮਾਮਲੇ ਦੀ ਪੁਸ਼ਟੀ ਐੱਸਐੱਸਪੀ ਵਿਜੀਲੈਂਸ ਲੁਧਿਆਣਾ ਰੇਂਜ ਰਵਿੰਦਰਪਾਲ ਸਿੰਘ ਸੰਧੂ ਕਰਦਿਆਂ ਦੱਸਿਆ ਕਿ ਮੁਲਜ਼ਮ ਤੇਲੂ ਰਾਮ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਸਾਬਕਾ ਕੈਬਨਿਟ ਮੰਤਰੀ ਦੇ ਨਜ਼ਦੀਕੀ ਸਾਥੀ ਤੇ ਪੀਏ ਕਹੇ ਜਾਣ ਵਾਲੇ ਮੀਨੂੰ ਪੰਕਜ ਮਲਹੋਤਰਾ ਨੂੰ ਵੀ ਨਾਜ਼ਮਦ ਕਰ ਲਿਆ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਮਾਮਲੇ ’ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਖੁਰਾਕ ਤੇ ਸਪਲਾਈ ਵਿਭਾਗ ਦੇ ਅਫ਼ਸਰਾਂ ਵੱਲੋਂ ਸਮੂਹਿਕ ਛੁੱਟੀ ’ਤੇ ਜਾਣ ਦਾ ਫ਼ੈਸਲਾ
ਚੰਡੀਗੜ੍ਹ (ਚਰਨਜੀਤ ਭੁੱਲਰ): ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭਾਵੇਂ ਅਨਾਜ ਮੰਡੀਆਂ ਵਿਚ ਲੇਬਰ ਅਤੇ ਢੋਆ ਢੁਆਈ ਲਈ ਹੋਏ ਟੈਂਡਰਾਂ ਦੀ ਜਾਂਚ ਪਹਿਲਾਂ ਮੁੱਢਲੇ ਪੜਾਅ ’ਤੇ ਜ਼ਿਲ੍ਹਾ ਲੁਧਿਆਣਾ ’ਚ ਸ਼ੁਰੂ ਕੀਤੀ ਗਈ ਸੀ ਪਰ ਹੁਣ ਪੰਜਾਬ ਦੇ ਡੇਢ ਦਰਜਨ ਜ਼ਿਲ੍ਹਿਆਂ ਵਿਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਿਚ ਇਸ ਪੜਤਾਲ ਮਗਰੋਂ ਕਾਫ਼ੀ ਬੇਚੈਨੀ ਫੈਲ ਗਈ ਹੈ। ਇਨ੍ਹਾਂ ਅਫ਼ਸਰਾਂ ਨੇ ਹੁਣ ਸਮੂਹਿਕ ਛੁੱਟੀ ’ਤੇ ਜਾਣ ਦਾ ਫ਼ੈਸਲਾ ਕੀਤਾ ਹੈ। ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਅੱਜ ਅਧਿਕਾਰੀਆਂ ਨੇ ਮੀਟਿੰਗ ਵੀ ਕੀਤੀ ਹੈ ਜਿਸ ਵਿਚ ਉਨ੍ਹਾਂ ਲੁਧਿਆਣਾ ਜ਼ਿਲ੍ਹੇ ਵਿਚ ਵਿਜੀਲੈਂਸ ਵੱਲੋਂ ਦਰਜ ਕੀਤੇ ਪਰਚੇ ਵਿਚ ਅਧਿਕਾਰੀਆਂ ਨੂੰ ਸ਼ਾਮਲ ਕੀਤੇ ਜਾਣ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਹੈ। ਅੱਜ ਪੰਜਾਬ ਦੇ ਸਮੂਹ ਡਿਪਟੀ ਡਾਇਰੈਕਟਰਾਂ ਅਤੇ ਡੀਐੱਸਐੱਸਸੀਜ਼ ਨੇ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜਿੰਨਾ ਸਮਾਂ ਪੰਜਾਬ ਦੇ ਜ਼ਿਲ੍ਹਿਆਂ ਵਿਚ ਮੰਡੀਆਂ ਦੇ ਟੈਂਡਰਾਂ ਦੀਆਂ ਝੂਠੀਆਂ ਸ਼ਿਕਾਇਤਾਂ ਦੀਆਂ ਚੱਲ ਰਹੀਆਂ ਪੜਤਾਲਾਂ ਨੂੰ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਸਮੂਹਿਕ ਛੁੱਟੀ ’ਤੇ ਰਹਿਣਗੇ। ਜ਼ਿਕਰਯੋਗ ਹੈ ਕਿ ਮਾਲਵਾ ਦੇ ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿਚ ਵੀ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਅਨਾਜ ਮੰਡੀਆਂ ਵਿਚ ਢੋਆ ਢੁਆਈ ਦਾ ਕੰਮ ਆਪਣੇ ਹੱਥਾਂ ਵਿਚ ਲਿਆ ਹੋਇਆ ਸੀ। ਟੈਂਡਰ ਅਲਾਟਮੈਂਟ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਹੈ ਜਿਸ ਵਿਚ ਵਿਭਾਗੀ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ।