ਪਾਲ ਸਿੰਘ ਨੌਲੀ
ਜਲੰਧਰ, 1 ਨਵੰਬਰ
ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਚੱਲ ਰਹੇ 30ਵੇਂ ‘ਮੇਲਾ ਗ਼ਦਰੀ ਬਾਬਿਆਂ ਦਾ’ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਵਜੋਂ ਪਹੁੰਚੇ ਖੇਤੀ ਮਾਮਲਿਆਂ ਦੇ ਮਾਹਿਰ ਪੀ. ਸਾਈਨਾਥ ਨੇ ਕਿਸਾਨ ਕਮਿਸ਼ਨ ਸਥਾਪਤ ਕਰਨ ਲਈ ਕਿਹਾ, ਜਿਹੜਾ ਪੂਰੀ ਤਰ੍ਹਾਂ ਕਿਸਾਨਾਂ ਦੇ ਕੰਟਰੋਲ ’ਚ ਹੋਵੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨਾਂ ਨੂੰ ਹੀ ਤਬਾਹ ਨਹੀਂ ਕਰਨਗੇ ਸਗੋਂ ਇਸ ਦਾ ਮਾੜਾ ਪ੍ਰਭਾਵ ਮੁਲਕ ਦੇ ਬਾਕੀ ਵਰਗਾਂ ’ਤੇ ਵੀ ਪਵੇਗਾ।
ਉਨ੍ਹਾਂ ਮੁਲਕ ਵਿੱਚ ਆਰਥਿਕ ਨਾਬਰਾਬਰੀ ਦੇ ਅੰਕੜੇ ਦਿੰਦਿਆਂ ਕਿਸਾਨਾਂ ਦੇ ਹਾਲਾਤ ਬਿਆਨ ਕੀਤੇ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਪਹਿਲਾਂ ਹੀ ਤਬਾਹ ਹੋ ਰਹੀ ਕਿਸਾਨੀ ਨੂੰ ਮੂਲੋਂ ਖ਼ਤਮ ਕਰਨ ਵਾਲੇ ਹਨ। ਅਜੋਕਾ ਕਿਸਾਨ ਅੰਦੋਲਨ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਹੈ, ਜਿਸ ਵਿੱਚ ਕਿਸਾਨ ਸਾਡੇ ਸਾਰਿਆਂ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਦੇਸ਼ ਭਗਤ ਯਾਦਗਾਰ ਹਾਲ ਨੂੰ ਸੁਤੰਤਰਤਾ ਸੰਗਰਾਮ ਨਾਲ ਜੁੜੀ ਵਿਰਾਸਤ ਆਖਦਿਆਂ ਇਸ ਨੂੰ ਸਿਜਦਾ ਕੀਤਾ। ਇਹ ਮੇਲਾ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਸੀ।
ਪੀ. ਸਾਈਨਾਥ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਹੋਇਆ ਹੈ ਪਰ ਹੋ ਇਸ ਤੋਂ ਉਲਟ ਰਿਹਾ ਹੈ। ਕਿਸਾਨਾਂ ਦੀ ਆਮਦਨ ਘਟ ਰਹੀ ਹੈ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਤੇਜ਼ੀ ਨਾਲ ਦੁੱਗਣੀ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਹਿੰਦੂਤਵ ਦੇ ਮੋਢੀ ਸਾਵਰਕਰ ਬਾਰੇ ਟਿੱਪਣੀਆਂ ਕਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨੂੰ ਸਭ ਤੋਂ ਵੱਡੇ ਦੇਸ਼ ਭਗਤ ਦੱਸਦੇ ਹਨ ਜਦਕਿ ਭਾਜਪਾ ਸਾਵਰਕਰ ਦੀ ਇਕ ਵੀ ਪ੍ਰਾਪਤੀ ਨਹੀਂ ਦੱਸ ਸਕਦੀ, ਜਿਸ ਤੋਂ ਦੇਸ਼ ਦੇ ਲੋਕ ਪ੍ਰੇਰਨਾ ਲੈ ਸਕਣ। ਸ਼ਹੀਦ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨ ਅੱਜ ਵੀ ਦੇਸ਼ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਆਜ਼ਾਦੀ ਸੰਗਰਾਮ ਦੇ ਸਮੇਂ ਦੀਆਂ ਦੋ ਵਿਰਾਸਤਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਸਾਵਰਕਰ ਉਸ ਧਾਰਾ ਦਾ ਪ੍ਰਤੀਨਿੱਧ ਸੀ, ਜੋ ਆਪਣੀ ਮੁਆਫ਼ੀ ਬਦਲੇ ਅੰਗਰੇਜ਼ਾਂ ਲਈ ਕੁਝ ਵੀ ਕਰਨ ਨੂੰ ਤਿਆਰ ਸੀ, ਜਦਕਿ ‘ਭਗਤ-ਸਰਾਭੇ’ ਵਾਲੀ ਵਿਰਾਸਤ ਵਿੱਚ ਨੌਜਵਾਨ ਇਨਕਲਾਬੀ ਗੀਤ ਗਾਉਂਦੇ ਫਾਂਸੀ ਦੇ ਰੱਸੇ ਚੁੰਮਦੇ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਭਗਤ ਸਿੰਘ ਝੁੰਗੀਆਂ ਨੇ ਆਜ਼ਾਦੀ ਜੱਦੋ ਜਹਿਦ ’ਚ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨਾਲ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖ਼ਜ਼ਾਨਚੀ ਰਣਜੀਤ ਸਿੰਘ ਔਲਖ ਅਤੇ ਸਮੂਹ ਕਮੇਟੀ ਮੈਂਬਰ ਸ਼ਾਮਲ ਸਨ।
ਇਸ ਦੌਰਾਨ ਅਮੋਲਕ ਸਿੰਘ ਦਾ ਲਿਖਿਆ, ਸੱਤਪਾਲ ਪਟਿਆਲਾ ਵੱਲੋਂ ਨਿਰਦੇਸ਼ਤ ਅਤੇ ਪੰਜਾਬ ਦੀਆਂ ਦਰਜਨ ਤੋਂ ਵੱਧ ਨਾਟ ਮੰਡਲੀਆਂ ਦੇ 100 ਤੋਂ ਵੱਧ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ ਓਪੇਰਾ ਨਾਟ ‘ਵਕਤ ਦੀ ਆਵਾਜ਼’ ਝੰਡੇ ਦਾ ਗੀਤ ਮੇਲੇ ਦਾ ਯਾਦਗਰੀ ਆਕਰਸ਼ਣ ਹੋ ਨਬਿੜਿਆ। ਮੰਚ ਸੰਚਾਲਨ ਅਮੋਲਕ ਸਿੰਘ ਅਤੇ ਹਰਵਿੰਦਰ ਭੰਡਾਲ ਨੇ ਕੀਤਾ।
ਮੇਲੇ ’ਚ ਕਮੇਟੀ ਵੱਲੋਂ ਸੋਵੀਨਰ ਅਤੇ ਪੁਸਤਕ ‘ਕਿਰਤੀ ਪਾਰਟੀ’ (ਮੂਲ ਕ੍ਰਿਤ ਚੈਨ ਸਿੰਘ ਚੈਨ ਅਤੇ ਸੰਪਾਦਕ ਚਰੰਜੀ ਲਾਲ ਕੰਗਣੀਵਾਲ) ਲੋਕ ਅਰਪਣ ਕੀਤੇ ਗਏ। ਇਸੇ ਦੌਰਾਨ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਇਕੱਤਰ ਦੀ ਨਿਰਦੇਸ਼ਨਾ ’ਚ ਗੁਰਸ਼ਰਨ ਭਾਅ ਜੀ ਦਾ ਬੱਬਰ ਅਕਾਲੀ ਲਹਿਰ ਬਾਰੇ ਲਿਖਿਆ ਨਾਟਕ ‘ਸੀਸ ਤਲੀ ’ਤੇ’ ਖੇਡਿਆ ਗਿਆ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਧਰਮਿੰਦਰ ਮਸਾਣੀ ਤੋਂ ਇਲਾਵਾ ਆਲੋਵਾਲ ਤੋਂ ਆਏ ਜਥੇ ਨੇ ਬੱਬਰਾਂ ਦੇ ਪ੍ਰਸੰਗ ਪੇਸ਼ ਕੀਤੇ।
ਜੱਲ੍ਹਿਆਂਵਾਲਾ ਬਾਗ ਦਾ ਮੂਲ ਸਰੂਪ ਬਹਾਲ ਕਰਵਾਉਣ ਦਾ ਮਤਾ ਪਾਸ
ਕਮੇਟੀ ਦੇ ਖਜ਼ਾਨਚੀ ਰਣਜੀਤ ਸਿੰਘ ਔਲਖ ਨੇ ਜੱਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ, ਲਖੀਮਪੁਰ ਕਤਲ ਕਾਂਡ ਦੇ ਦੋਸ਼ੀਆਂ ’ਤੇ ਕਾਰਵਾਈ ਕਰਨ, ਕਿਰਤ ਕਾਨੂੰਨਾਂ ’ਚ ਸੋਧਾਂ ਰੱਦ ਕਰਨ, 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਕੁਦਰਤੀ ਆਫ਼ਤਾਂ ਦਾ ਸ਼ਿਕਾਰ ਕਿਸਾਨਾਂ-ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਮਾਤ ਭਾਸ਼ਾਵਾਂ ’ਤੇ ਕੀਤਾ ਹਮਲਾ ਬੰਦ ਕਰਨ ਅਤੇ ਪੰਜਾਬ ਅੰਦਰ ਬੀ.ਐਸ.ਐਫ਼ ਦਾ ਵਧਾਇਆ ਅਧਿਕਾਰ ਘੇਰਾ ਰੱਦ ਕਰਨ ਦੀ ਮੰਗ ਸਬੰਧੀ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਪਾਸ ਕੀਤਾ।
ਮੁੱਖ ਮੰਤਰੀ ਨੂੰ ਗ਼ਦਰੀ ਬਾਬਿਆਂ ਦੀਆਂ ਯਾਦਗਾਰਾਂ ਬਚਾਉਣ ਦੀ ਅਪੀਲ
ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਨੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੱਤਰ ਲਿਖ ਕੇ ਸੂਬੇ ਵਿੱਚ ਹੋ ਰਹੇ ਵੱਡੇ ਘੁਟਾਲਿਆਂ ਤੋਂ ਗ਼ਦਰੀ ਬਾਬਿਆਂ ਦੀਆਂ ਯਾਦਗਾਰਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਸੰਸਥਾ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪਿਤਾ ਹਰਸ਼ਾ ਸਿੰਘ ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਕਰਨ ਵਿਚ ਮੋਹਰੀ ਸਨ ਪਰ ਹੁਣ ਉਨ੍ਹਾਂ ਦੇ ਪੁੱਤਰ ਦੇ ਨੱਕ ਹੇਠ ਜ਼ਮੀਨਾਂ ਵੇਚ ਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਪ੍ਰਧਾਨ ਸਤਨਾਮ ਦਾਊਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਲਹਿਰ ’ਚ ਗ਼ਦਰੀ ਬਾਬਿਆਂ ਦਾ ਵੱਡਾ ਰੋਲ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗ਼ਦਰ ਪਾਰਟੀ ਦੇ ਖਜ਼ਾਨਚੀ ਸ਼ਹੀਦ ਕਾਂਸ਼ੀ ਰਾਮ ਮੜੋਲੀ ਦੀਆਂ ਯਾਦਗਾਰਾਂ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਰਣਜੀਤ ਸਿੰਘ, ਹਿਰਦੇਪਾਲ ਔਲਖ, ਗੁਰਮੀਤ ਮੱਲ੍ਹਾ ਤੇ ਹੋਰ ਹਾਜ਼ਰ ਸਨ।