ਜਸਵੰਤ ਜੱਸ
ਫ਼ਰੀਦਕੋਟ, 7 ਅਕਤੂਬਰ
ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬਣਾਏ ਗਏ ਆਕਸੀਜਨ ਪਲਾਂਟ ਦਾ ਵਰਚੁਅਲ ਉਦਘਾਟਨ ਅੱਜ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਵਿੱਚ 35 ਹੋਰ ਆਕਸੀਜਨ ਪਲਾਂਟਾਂ ਦੇ ਉਦਘਾਟਨ ਕੀਤੇ। ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਪ੍ਰਾਈਮ ਮਨਿਸਟਰ ਸਿਟੀਜ਼ਨ ਐਸਿਸਟੈਂਟ ਐਂਡ ਰਿਲੀਫ ਇਨ ਐਮਰਜੈਂਸੀ ਸਿਚੁਏਸ਼ਨ ਫੰਡ ਤਹਿਤ ਲਾਇਆ ਉਕਤ ਆਕਸੀਜਨ ਪਲਾਂਟ ਪ੍ਰਤੀ ਮਿੰਟ 1000 ਲਿਕੁਇਡ (ਐੱਲਪੀਐੱਮ) ਆਕਸੀਜਨ ਪੈਦਾ ਕਰੇਗਾ। ਇਸ ਤੋਂ ਇਲਾਵਾ ਮਰੀਜ਼ਾਂ ਲਈ ਸਿਲੰਡਰ ਵਿੱਚ ਆਕਸੀਜਨ ਦੀ ਸਪਲਾਈ ਵੀ ਦਿੱਤੀ ਜਾ ਸਕੇਗੀ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿੱਚ ਕਰਵਾਏ ਗਏ ਸਮਾਗਮ ’ਚ ਡਾ. ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ 42 ਆਕਸੀਜਨ ਪਲਾਂਟ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 28 ਡੀਆਰਡੀਓ ਸਕੀਮ ਤਹਿਤ ਲਗਾਏ ਜਾਣਗੇ। ਇਸ ਸਕੀਮ ਤਹਿਤ ਫ਼ਰੀਦਕੋਟ ਵਿੱਚ ਇਹ ਪੰਜਾਬ ਦਾ ਪਹਿਲਾ ਆਕਸੀਜਨ ਪਲਾਂਟ ਲਗਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਤੇ ਡਾਕਟਰ ਆਦਿ ਹਾਜ਼ਰ ਸਨ। ਡਾ. ਰਾਜ ਬਹਾਦਰ ਨੇ ਦੱਸਿਆ ਕਿ ਬਾਬਾ ਫਰੀਦ ’ਵਰਸਿਟੀ ਅਧੀਨ ਕੁੱਲ 5 ਆਕਸੀਜਨ ਪਲਾਂਟ ਹੋ ਚੁੱਕੇ ਹਨ, ਜਦਕਿ ਪੰਜਾਬ ਵਿੱਚ ਮੈਡੀਕਲ ਕਾਲਜ ਪਟਿਆਲਾ, ਫ਼ਰੀਦਕੋਟ, ਅੰਮ੍ਰਿਤਸਰ, ਲੁਧਿਆਣਾ ਤੇ ਮੁਹਾਲੀ ’ਚ 7 ਲੈਬਾਰੇਟਰੀਆਂ ਸਥਾਪਤ ਕੀਤੀਆਂ ਹਨ।