ਪਾਲ ਸਿੰਘ ਨੌਲੀ
ਜਲੰਧਰ, 24 ਅਪਰੈਲ
ਕਰੋਨਾ ਮਹਾਮਾਰੀ ਕਾਰਨ ਗੁਆਂਢੀ ਸੂਬਿਆਂ ਵਿੱਚ ਆਕਸੀਜਨ ਦੀ ਕਿੱਲਤ ਦੇ ਚੱਲਦਿਆਂ ਬਹੁਤ ਸਾਰੇ ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਦਾਖ਼ਲ ਹੋ ਰਹੇ ਹਨ। ਜਲੰਧਰ ਵਿੱਚ ਜਿੱਥੇ ਹਸਪਤਾਲਾਂ ਦੀ ਗਿਣਤੀ ਵੱਧ ਹੈ, ਉੱਥੇ ਹੀ ਲੈਵਲ-3 ਦੇ ਬੈੱਡ ਵੀ 1400 ਤੋਂ ਵੱਧ ਹਨ, ਜੋ ਪੰਜਾਬ ਵਿੱਚੋਂ ਸਭ ਤੋਂ ਵੱਧ ਹਨ, ਜਿਸ ਕਾਰਨ ਮਰੀਜ਼ ਜਲੰਧਰ ਵੱਲ ਰੁਖ਼ ਕਰ ਰਹੇ ਹਨ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦਿੱਲੀ, ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਵਿਚੋਂ 40 ਦੇ ਕਰੀਬ ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਦਾਖ਼ਲ ਹਨ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਦੋ ਪਲਾਂਟਾਂ ਕੋਲ 6000 ਆਕਸੀਜਨ ਸਿਲੰਡਰ ਬਣਾਉਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ’ਚ ਰੋਜ਼ਾਨਾ 30 ਹਜ਼ਾਰ ਟੀਕੇ ਲੱਗ ਸਕਦੇ ਹਨ ਪਰ ਲੋਕ ਹੁੰਗਾਰਾ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਜਿਹੜੇ ਦੋ ਪਲਾਂਟ ਆਕਸੀਜਨ ਬਣਾ ਰਹੇ ਹਨ, ਉਥੇ ਐੱਸਡੀਐੱਮ ਅਤੇ 40-50 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇੰਡਸਟਰੀ ਨੂੰ ਆਕਸੀਜਨ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਸੇ ਦੌਰਾਨ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਕੇਂਦਰ ’ਤੇ ਆਕਸੀਜਨ ਦੀ ਸਪਲਾਈ ’ਚ ਪੱਖਪਾਤ ਦਾ ਦੋਸ਼ ਲਾਇਆ। ਇਸੇ ਦੌਰਾਨ ਇੰਗਲੈਂਡ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਅਤੇ ਆਕਸੀਜਨ ਦੀ ਘਾਟ ਕਾਰਨ ਹੋ ਰਹੀਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਇਕ-ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਦੇਰੀ ਦੇ ਚੱਲਦੇ-ਫਿਰਦੇ ਆਕਸੀਜਨ ਬਣਾਉਣ ਵਾਲੇ ਪਲਾਂਟ ਸਥਾਪਤ ਕੀਤੇ ਜਾਣ।
ਖਾਕੀ ਦੇ ਪਹਿਰੇ ਹੇਠ ਲੁਧਿਆਣਾ ਦੀਆਂ ਆਕਸੀਜਨ ਫੈਕਟਰੀਆਂ
ਲੁਧਿਆਣਾ (ਗਗਨਦੀਪ ਅਰੋੜਾ): ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸਥਿਤ ਆਕਸੀਜਨ ਦੀਆਂ ਦੋ ਵੱਡੀਆਂ ਤੇ ਤਿੰਨ ਛੋਟੀਆਂ ਫੈਕਟਰੀਆਂ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਵਿੱਚ ਆਕਸੀਜਨ ਦੀ ਖਪਤ ਦੀ ਨਿਗਰਾਨੀ ਲਈ 11 ਮੈਂਬਰੀ ਆਕਸੀਜਨ ਆਡਿਟ ਕਮੇਟੀ ਵੀ ਬਣਾਈ ਹੈ। ਕਮੇਟੀ ਆਪਣੇ ਕੰਮਕਾਜ ਬਾਰੇ ਰੋਜ਼ਾਨਾ ਆਪਣੀ ਰਿਪੋਰਟ ਡੀਸੀ ਨੂੰ ਸੌਪੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਵਿਚ ਆਕਸੀਜਨ ਲੈਣ ਆਉਣ ਵਾਲੇ ਹਰ ਵਿਅਕਤੀ ’ਤੇ ਨਜ਼ਰ ਰੱਖ ਰਹੇ ਹਨ ਤੇ ਕਾਗ਼ਜ਼ ਦੇਖਣ ਮਗਰੋਂ ਹੀ ਆਕਸੀਜਨ ਦੀ ਗੱਡੀ ਨੂੰ ਅੱਗੇ ਭੇਜਿਆ ਜਾ ਰਿਹਾ ਹੈ।