ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਦਸੰਬਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਾਸ਼ਤਕਾਰੀ ਕਿਸਾਨਾਂ ਅਤੇ ਸਾਂਝੀਆਂ ਜ਼ਮੀਨਾਂ ਉਪਰ ਘਰ ਬਣਾ ਕੇ ਰਹਿ ਰਹੇ ਲੋਕਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਜਥੇਬੰਦੀ ਦੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ 27 ਦਸੰਬਰ ਦਿਨ ਸੋਮਵਾਰ ਨੂੰ ਮੀਟਿੰਗ ਹੋਵੇਗੀ। ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪੰਜਾਬ ਅੰਦਰ ਦੋ-ਤਿੰਨ ਪੀੜ੍ਹੀਆਂ ਤੋਂ ਕਿਸਾਨਾਂ ਦੇ ਵੱਡੇ ਹਿੱਸੇ ਨੇ ਸਰਕਾਰੀ, ਪੰਚਾਇਤੀ, ਜੰਗਲਾਤ, ਦਰਿਆਈ ਅਤੇ ਹੋਰ ਸੰਸਥਾਵਾਂ ਦੀਆਂ ਲਗਭਗ 75,000 ਏਕੜ ਦੇ ਕਰੀਬ ਬੰਜਰ ਅਤੇ ਖਾਲੀ ਪਈਆਂ ਜ਼ਮੀਨਾਂ ਨੂੰ ਆਬਾਦ ਕੀਤਾ ਪਰ ਉਨ੍ਹਾਂ ਨੂੰ ਮਾਲਕੀ ਹੱਕ ਨਹੀਂ ਮਿਲਿਆ। ਇਸ ਤੋਂ ਇਲਾਵਾ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਦਹਾਕਿਆਂ ਤੋਂ ਰਿਹਾਇਸ਼ੀ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਮਾਲਕੀ ਹੱਕ ਹਾਲੇ ਤੱਕ ਨਹੀਂ ਮਿਲਿਆ।