ਕੁਲਦੀਪ ਸਿੰਘ
ਚੰਡੀਗੜ੍ਹ, 10 ਮਈ
ਸੈਕਟਰ-17 ਸਥਿਤ ਉਦਯੋਗ ਭਵਨ ਦੇ ਬਗ਼ੀਚਿਆਂ ਅਤੇ ਗ਼ਮਲਿਆਂ ਵਿੱਚ ਲੱਗੇ ਪੌਦਿਆਂ ਅਤੇ ਘਾਹ ਨੂੰ ਅੱਜ ਉਸ ਸਮੇਂ ਪਾਣੀ ਅਤੇ ਦਫ਼ਤਰ ਦੇ ਸਟਾਫ਼ ਨੂੰ ਚਾਹ-ਪਾਣੀ ਮਿਲਣਾ ਸ਼ੁਰੂ ਹੋ ਗਿਆ ਜਦੋਂ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ (ਪੀਐੱਸਆਈਈਸੀ) ਦੇ ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਮਾਲੀ ਤੇ ਹੈਲਪਰ ਅੱਜ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਿਤ ਖ਼ਬਰ ਉਪਰੰਤ ਆਈਏਐਸ ਅਫ਼ਸਰਾਂ ਦੇ ਘਰਾਂ ਤੋਂ ਵਾਪਸ ਬੁਲਾ ਲਏ ਗਏ। ਸੂਤਰਾਂ ਦੀ ਜਾਣਕਾਰੀ ਮੁਤਾਬਕ ਹਾਲੇ ਹੋਰ ਵੀ ਅਫ਼ਸਰਾਂ ਦੇ ਘਰਾਂ ਤੋਂ ਅਜਿਹੇ ਵਰਕਰ ਦਫ਼ਤਰ ਵਿੱਚ ਬੁਲਾਉਣੇ ਬਾਕੀ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਮਾਲੀ ਅਤੇ ਹੈਲਪਰ ਨਿਗਮ ਵਿੱਚ ਸਮੇਂ-ਸਮੇਂ ’ਤੇ ਰਹਿ ਕੇ ਜਾ ਚੁੱਕੇ ਆਈਏਐੱਸ ਅਫ਼ਸਰਾਂ ਦੇ ਘਰਾਂ ਵਿੱਚ ਹੀ ਕੰਮ ਕਰਦੇ ਸਨ। ਇਨ੍ਹਾਂ ਦੀਆਂ ਤਨਖ਼ਾਹਾਂ ਨਿਗਮ ਦੇ ਖਾਤੇ ਵਿੱਚੋਂ ਜਾਂਦੀਆਂ ਸਨ। ਪੰਜਾਬੀ ਟ੍ਰਿਬਿਊਨ ਵੱਲੋਂ 10 ਮਈ ਦੀ ਅਖ਼ਬਾਰ ਵਿੱਚ ‘ਆਊਟਸੋਰਸਡ ਵਰਕਰਾਂ ਤੋਂ ਘਰਾਂ ’ਚ ਕੰਮ ਲੈ ਰਹੇ ਨੇ ਆਈਏਐੱਸ ਅਫ਼ਸਰ’ ਸਿਰਲੇਖ ਤਹਿਤ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ।
‘ਆਪ’ ਦੇ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਨੇ ਕਿਹਾ ਕਿ ਆਈਏਐੱਸ ਅਫ਼ਸਰਾਂ ਵੱਲੋਂ ਸਰਕਾਰੀ ਵਿਭਾਗਾਂ ਵਿੱਚ ਆਊਟਸੋਰਸਿੰਗ ਰਾਹੀਂ ਜਾਂ ਕੰਟਰੈਕਟ ਉੱਤੇ ਭਰਤੀ ਕੀਤੇ ਸਟਾਫ ਤੋਂ ਆਪਣੇ ਘਰਾਂ ਵਿੱਚ ਕੰਮ ਕਰਵਾਉਣਾ ਗ਼ਲਤ ਹੈ। ਪੀਐਸਆਈਈਸੀ ਦੇ ਨਾਲ-ਨਾਲ ਹੋਰਨਾਂ ਸਾਰੇ ਵਿਭਾਗਾਂ ਦੇ ਆਈਏਐਸ ਅਫ਼ਸਰਾਂ ਦੇ ਘਰਾਂ ਤੋਂ ਵੀ ਅਜਿਹੇ ਵਰਕਰ ਜਾਂ ਸਟਾਫ਼ ਵਾਪਸ ਮੰਗਵਾ ਕੇ ਸਬੰਧਤ ਦਫ਼ਤਰਾਂ ਵਿੱਚ ਭੇਜਣਾ ਚਾਹੀਦਾ ਹੈ।