ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਸਤੰਬਰ
ਇੱਥੋਂ ਦੀ ਨੰਦਨਪੁਰ ਇਲਾਕੇ ਵਿਚਲੀ ਚਰਚ ਦਾ ਸ਼ੀਸ਼ਾ ਟੁੱਟਣ ਕਾਰਨ ਈਸਾਈ ਭਾਈਚਾਰੇ ਵਿੱਚ ਰੋਸ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾਂ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਚਰਚ ਦੇ ਪ੍ਰਬੰਧਕਾਂ ਨੇ ਵੀ ਸ਼ੀਸ਼ਾ ਟੁੱਟਣ ਦੀ ਪੁਸ਼ਟੀ ਕੀਤੀ ਹੈ। ਚਰਚ ਅੰਦਰ ਕਿਸੇ ਤਰ੍ਹਾਂ ਦੀ ਕੋਈ ਭੰਨ੍ਹ-ਤੋੜ ਦੀ ਘਟਨਾ ਨਹੀਂ ਵਾਪਰੀ। ਸੋਸ਼ਲ ਮੀਡੀਆ ’ਤੇ ਚਰਚ ਦੀ ਭੰਨ੍ਹ-ਤੋੜ ਕਰਨ ਬਾਰੇ ਚੱਲੀਆਂ ਖ਼ਬਰਾਂ ਨਾਲ ਈਸਾਈ ਭਾਈਚਾਰੇ ਵਿੱਚ ਰੋਸ ਜ਼ਰੂਰ ਪਾਇਆ ਜਾ ਰਿਹਾ ਹੈ। ਪੁਲੀਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਚਰਚ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਖਿੜਕੀ ਦਾ ਸ਼ੀਸ਼ਾ ਸਹੀ ਢੰਗ ਨਾਲ ਨਾ ਲੱਗਣ ਕਾਰਨ ਡਿੱਗ ਗਿਆ ਹੋਵੇਗਾ। ਐੱਸਐੱਸਪੀ ਦਾ ਕਹਿਣਾ ਹੈ ਕਿ ਇਹ ਘਟਨਾ ਸ਼ੀਸ਼ਾ ਡਿੱਗਣ ਕਾਰਨ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਫਿਲਹਾਲ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ।